ਆਸਟਰੇਲੀਆ ਦੇ ਦਿੱਗਜਾਂ ਨੇ ਵੈਸਟਇੰਡੀਜ਼, ਨਿਊਜ਼ੀਲੈਂਡ ਨੂੰ ਛੁਪੇ ਰੁਸਤਮ ਦੱਸਿਆ

Tuesday, May 28, 2019 - 03:24 PM (IST)

ਆਸਟਰੇਲੀਆ ਦੇ ਦਿੱਗਜਾਂ ਨੇ ਵੈਸਟਇੰਡੀਜ਼, ਨਿਊਜ਼ੀਲੈਂਡ ਨੂੰ ਛੁਪੇ ਰੁਸਤਮ ਦੱਸਿਆ

ਸਪੋਰਟਸ ਡੈਸਕ— ਮੇਜ਼ਬਾਨ ਇੰਗਲੈਂਡ ਅਤੇ ਭਾਰਤ ਨੂੰ 30 ਮਈ ਤੋਂ ਸ਼ੁਰੂ ਹੋ ਰਹੇ ਵਰਲਡ ਕੱਪ 'ਚ ਜਿੱਤ ਦੇ ਮਜ਼ਬੂਤ ਦਾਅਵੇਦਾਰ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ ਪਰ ਐਲਨ ਬਾਰਡਰ ਅਤੇ ਬ੍ਰੇਟ ਲੀ ਜਿਹੇ ਆਸਟਰੇਲੀਆ ਦੇ ਸਾਬਕਾ ਦਿੱਗਜਾਂ ਦਾ ਮੰਨਣਾ ਹੈ ਕਿ ਪਿਛਲੀ ਵਾਰ ਦਾ ਉਪਜੇਤੂ ਨਿਊਜ਼ੀਲੈਂਡ ਅਤੇ ਦੋ ਵਾਰ ਦੀ ਚੈਂਪੀਅਨ ਵੈਸਟਇੰਡੀਜ਼ ਟੂਰਨਾਮੈਂਟ 'ਚ ਛੁਪੇ ਰੁਸਤਮ ਸਾਬਤ ਹੋ ਸਕਦੇ ਹਨ। ਆਸਟਰੇਲੀਆ ਨੂੰ 1987 'ਚ ਵਿਸ਼ਵ ਚੈਂਪੀਅਨ ਬਣਾਉਣ ਵਾਲੇ ਬਾਰਡਰ ਨੇ ਕਿਹਾ, ''ਜਦੋਂ ਮੈਂ ਵੈਸਟਇੰਡੀਜ਼ ਦੀ ਟੀਮ ਨੂੰ ਦੇਖਦਾ ਹਾਂ ਤਾਂ ਉਹ ਕਾਫੀ ਖ਼ਤਰਨਾਕ ਟੀਮ ਹੈ। ਜੇਕਰ ਉਨ੍ਹਾਂ ਦੀ ਟੀਮ ਨੇ ਲੈਅ ਹਾਸਲ ਕਰ ਲਈ ਤਾਂ ਉਹ ਬਹੁਤ ਖ਼ਤਰਨਾਕ ਹੋ ਜਾਣਗੇ। ਮੈਨੂੰ ਪਤਾ ਹੈ ਕਿ ਮੈਚ ਜਿੰਨਾ ਛੋਟਾ ਹੁੰਦਾ ਹੈ ਉਹ ਓਨੇ ਖ਼ਤਰਨਾਕ ਹੁੰਦੇ ਜਾਂਦੇ ਹਨ, ਪਰ ਮੈਨੂੰ ਲਗਦਾ ਹੈ ਕਿ ਇੰਗਲੈਂਡ 'ਚ ਹਾਲਾਤ ਉਨ੍ਹਾਂ ਮੁਤਾਬਕ ਹੁੰਦੇ ਹਨ।''

ਸਾਬਕਾ ਤੇਜ਼ ਗੇਂਦਬਾਜ਼ ਬ੍ਰੇਟ ਲੀ ਨੇ ਇਸ ਵਿਚਾਲੇ 'ਬਲੈਕ ਕੈਪਸ' ਨੂੰ ਜਿੱਤ ਦਾ ਦਾਅਵੇਦਾਰ ਦੱਸਿਆ। ਉਨ੍ਹਾਂ ਇਹ ਵੀ ਕਿਹਾ ਕਿ ਆਪਣਾ ਦੂਜਾ ਵਰਲਡ ਕੱਪ ਖੇਡ ਰਹੀ ਅਫਗਾਨਿਸਤਾਨ ਦੀ ਟੀਮ ਸ਼ਾਨਦਾਰ ਕ੍ਰਿਕਟ ਖੇਡੇਗੀ। ਲੀ ਨੇ ਕਿਹਾ, ''ਨਿਊਜ਼ੀਲੈਂਡ ਛੁਪਾ ਰੁਸਤਮ ਹੋਵੇਗਾ ਪਰ ਅਫਗਾਨਿਸਤਾਨ ਦੀ ਟੀਮ ਵੀ ਚੰਗਾ ਕ੍ਰਿਕਟ ਖੇਡੇਗੀ। ਉਨ੍ਹਾਂ (ਅਫਗਾਨਿਸਤਾਨ) ਦੀ ਬੱਲੇਬਾਜ਼ੀ ਮਜ਼ਬੂਤ ਨਹੀਂ ਹੈ ਪਰ ਗੇਂਦਬਾਜ਼ੀ ਕਮਾਲ ਦੀ ਹੈ।''

ਸਾਬਕਾ ਆਸਟਰੇਲੀਆਈ ਹਰਫਨਮੌਲਾ ਐਂਡ੍ਰਿਊ ਸਾਈਮੰਡਸ ਨੇ ਵੀ ਕੈਰੇਬੀਆਈ ਟੀਮ ਨੂੰ ਮਜ਼ਬੂਤ ਦਾਅਵੇਦਾਰ ਕਰਾਰ ਦਿੰਦੇ ਹੋਏ ਕਿਹਾ ਕਿ ਇੰਗਲੈਂਡ ਦੇ ਮੈਦਾਨ 'ਯੂਨੀਵਰਸਲ ਬੌਸ' ਕ੍ਰਿਸ ਗੇਲ ਜਿਹੇ ਵੱਡੇ ਸ਼ਾਟ ਖੇਡਣ ਵਾਲੇ ਬੱਲੇਬਾਜ਼ਾਂ ਦੇ ਲਈ ਢੁਕਵੇਂ ਹਨ। ਉਨ੍ਹਾਂ ਕਿਹਾ, ''ਵੈਸਟਇੰਡੀਜ਼, ਮੈਨੂੰ ਲਗਦਾ ਹੈ ਕਿ ਉਨ੍ਹਾਂ ਦੀ ਟੀਮ ਦਾ ਆਤਮਵਿਸ਼ਵਾਸ ਥੋੜ੍ਹਾ ਵਧਿਆ ਹੋਇਆ ਹੈ। ਹਾਲ ਦੇ ਦਿਨਾਂ 'ਚ ਉਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਕ੍ਰਿਸ ਗੇਲ ਵੀ ਜਿੱਤ ਦੇ ਨਾਲ ਕਰੀਅਰ ਖਤਮ ਕਰਨਾ ਚਾਹੁਣਗੇ। ਉਨ੍ਹਾਂ ਦੀ ਬੱਲੇਬਾਜ਼ੀ ਇਨ੍ਹਾਂ ਮੈਦਾਨਾਂ ਦੇ ਲਈ ਢੁਕਵੀਂ ਹੈ। ਮੇਰੇ ਲਈ ਉਹ ਛੁਪਿਆ ਰੁਸਤਮ ਹੈ।''


author

Tarsem Singh

Content Editor

Related News