ਜਿਨ੍ਹਾਂ ਲੋਕਾਂ ਨੂੰ ‘ਭੁੱਖ’ ਹੈ, ਅਸੀਂ ਉਨ੍ਹਾਂ ਲੋਕਾਂ ਨੂੰ ਮੌਕਾ ਦੇਵਾਂਗੇ : ਰੋਹਿਤ
Monday, Feb 26, 2024 - 07:10 PM (IST)
ਸਪੋਰਟਸ ਡੈਸਕ- ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਸਖਤ ਮਿਹਨਤ ਕੀਤੇ ਬਿਨਾਂ ਰਾਸ਼ਟਰੀ ਟੈਸਟ ਟੀਮ ਵਿਚ ਜਗ੍ਹਾ ਬਣਾਉਣ ਦਾ ਸੁਪਨਾ ਦੇਖ ਰਹੇ ਦਾਅਵੇਦਾਰਾਂ ਨੂੰ ਸਖਤ ਸੰਦੇਸ਼ ਦਿੰਦੇ ਹੋਏ ਸੋਮਵਾਰ ਨੂੰ ਕਿਹਾ ਕਿ ਮੌਕਾ ਸਿਰਫ ਉਨ੍ਹਾਂ ਨੂੰ ਦਿੱਤਾ ਜਾਵੇਗਾ ਜਿਹੜੇ ‘ਸਭ ਤੋਂ ਸਖਤ’ ਸਵਰੂਪ ਵਿਚ ‘ਸਫਲਤਾ ਦੀ ਭੁੱਖ’ ਦਿਖਾਉਣਗੇ। ਰੋਹਿਤ ਨੇ ਮੈਚ ਤੋਂ ਬਾਅਦ ਕਿਹਾ,‘‘ਜਿਨ੍ਹਾਂ ਲੋਕਾਂ ਨੂੰ ਭੁੱਖ ਹੈ, ਅਸੀਂ ਉਨ੍ਹਾਂ ਲੋਕਾਂ ਨੂੰ ਮੌਕਾ ਦੇਵਾਂਗੇ। ਜੇਕਰ ਭੁੱਖ ਨਹੀਂ ਹੈ ਤਾਂ ਉਨ੍ਹਾਂ ਨੂੰ ਖਿਡਾਉਣ ਦਾ ਕੋਈ ਮਤਲਬ ਨਹੀਂ ਹੈ।’’
ਰੋਹਿਤ ਨੇ ਨਾਲ ਹੀ ਕਿਹਾ ਕਿ ਟੀਮ ਵਿਚ ਆਏ ਨੌਜਵਾਨਾਂ ਨੂੰ ਲਗਾਤਾਰ ਸਲਾਹ ਦੀ ਲੋੜ ਨਹੀਂ ਹੈ ਸਗੋਂ ਚੰਗੇ ਪ੍ਰਦਰਸ਼ਨ ਲਈ ਸਹਿਯੋਗੀ ਮਾਹੌਲ ਦੀ ਲੋੜ ਹੈ। ਯਸ਼ਸਵੀ ਜਾਇਸਵਾਲ, ਆਕਾਸ਼ ਦੀਪ, ਧਰੁਵ ਜੁਰੇਲ ਤੇ ਸਰਫਰਾਜ਼ ਖਾਨ ਨੇ ਲੜੀ ਵਿਚ ਚੰਗਾ ਪ੍ਰਦਰਸ਼ਨ ਕੀਤਾ ਹੈ, ਜਿਸ ’ਤੇ ਰੋਹਿਤ ਨੇ ਕਿਹਾ,‘‘ਇਹ ਕਾਫੀ ਮੁਸ਼ਕਿਲ ਲੜੀ ਹੈ ਤੇ ਜਿੱਤਣ ਤੋਂ ਬਾਅਦ ਚੰਗਾ ਲੱਗ ਰਿਹਾ ਹੈ। ਸਾਡੇ ਸਾਹਮਣੇ ਕਈ ਚੁਣੌਤੀਆਂ ਸਨ ਪਰ ਅਸੀਂ ਉਨ੍ਹਾਂ ਦਾ ਬਾਖੂਬੀ ਸਾਹਮਣਾ ਕੀਤਾ। ਇਹ ਨੌਜਵਾਨ ਖਿਡਾਰੀ ਘਰੇਲੂ ਸਰਕਟ, ਸਥਾਨਕ ਕਲੱਬ ਕ੍ਰਿਕਟ ਤੋਂ ਇੱਥੇ ਆਏ ਹਨ। ਇਹ ਵੱਡੀ ਚੁਣੌਤੀ ਸੀ ਪਰ ਉਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।’’