ਅਸੀਂ ਹਰੇਕ ਸੂਬੇ ਨੂੰ ਇਕ ਖੇਡ ਚੁਣਨ ਲਈ ਕਿਹਾ : ਰਿਜਿਜੂ

Wednesday, Jul 08, 2020 - 08:48 PM (IST)

ਅਸੀਂ ਹਰੇਕ ਸੂਬੇ ਨੂੰ ਇਕ ਖੇਡ ਚੁਣਨ ਲਈ ਕਿਹਾ : ਰਿਜਿਜੂ

ਨਵੀਂ ਦਿੱਲੀ– ਖੇਡ ਮੰਤਰੀ ਕਿਰੇਨ ਰਿਜਿਜੂ ਨੇ ਅੱਜ ਕਿਹਾ ਕਿ ਸਰਕਾਰ ਨੇ ਓਲੰਪਿਕ ’ਚ ਵੱਧ ਤੋਂ ਵੱਧ ਤਮਗੇ ਹਾਸਲ ਕਰਨ ਦੀ ਮੁਹਿੰਮ ਤਹਿਤ ਹਰੇਕ ਰਾਜ ਨੂੰ ਇਕ-ਇਕ ਖੇਡ ਚੁਣਨ ਤੇ ਇਸ ਦੇ ਵਿਕਾਸ ’ਤੇ ਧਿਆਨ ਦੇਣ ਲਈ ਕਿਹਾ ਹੈ। ਰਿਜਿਜੂ ਨੇ ਇਕ ਪ੍ਰੋਗਰਾਮ ਦੌਰਾਨ ਕਿਹਾ ਕਿ ਕਾਰਪੋਰੇਟ ਖੇਤਰ ਨੂੰ ਵੀ ਅਜਿਹਾ ਕਰਨ ਲਈ ਕਿਹਾ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਸੂਬਿਆਂ ਨੂੰ ਇਕ ਖੇਡ ਚੁਣਨ ਲਈ ਲਿਖਿਆ ਹੈ, ਜਿਵੇਂ ਕਿ ਮਣੀਪੁਰ ਮੁੱਕੇਬਾਜ਼ੀ ਤੇ ਸੇਪਕਟਰਾ ਚੁਣਦਾ ਹੈ ਤਾਂ ਉਹ ਫੁੱਟਬਾਲ ਜਾਂ ਤੀਰਅੰਦਾਜ਼ੀ ਵੀ ਚੁਣ ਸਕਦਾ ਹੈ ਪਰ ਉਸ ਨੇ ਜੋ ਵੀ ਖੇਡ ਚੁਣੀ ਹੈ, ਉਸ ’ਤੇ ਧਿਆਨ ਦੇਣਾ ਪਵੇਗਾ। ਰਿਜਿਜੂ ਨੇ ਕਿਹਾ ਕਿ ਅਸੀਂ ਕੁਝ ਨੀਤੀਆਂ ’ਚ ਤਬਦੀਲੀਆਂ ਵੀ ਕੀਤੀਆਂ ਹਨ ਜਿਵੇਂ ਹਰੇਕ ਕਾਰਪੋਰੇਟ ਨੂੰ ਇਕ ਮੁਕਾਬਲਾ ਅਪਣਾਉਣ ਤੇ ਇਸ ’ਤੇ ਧਿਆਨ ਦੇਣ ਦੀ ਸਲਾਹ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਡੇ 36 ਸੂਬੇ ਹਨ ਤੇ ਜੇ ਅਸੀਂ 36 ਦੇਸ਼ਾਂ ਵਾਂਗ ਕੁਝ ਖੇਡ ਮੁਕਾਬਲਿਆਂ ’ਤੇ ਧਿਆਨ ਦੇਣਾ ਸ਼ੁਰੂ ਕਰ ਦਈਏ ਤਾਂ ਇਸ ਨਾਲ ਚੰਗੇ ਨਤੀਜੇ ਮਿਲਣਗੇ। ਖੇਡ ਮੰਤਰੀ ਨੇ ਕਿਹਾ ਕਿ ਭਾਰਤ 2028 ਲਾਸ ਏਂਜਲਸ ਓਲੰਪਿਕ ’ਚ ਤਮਗਾ ਸੂਚੀ ’ਚ ਟਾਪ 10 ’ਚ ਪਹੁੰਚ ਸਕਦਾ ਹੈ।


author

Gurdeep Singh

Content Editor

Related News