ਵਸੀਮ ਅਕਰਮ ਨੇ PCB ਪ੍ਰਮੁੱਖ ਬਣਨ ''ਚ ਦਿਲਚਸਪੀ ਦੀਆਂ ਖ਼ਬਰਾਂ ਨੂੰ ਕੀਤਾ ਖ਼ਾਰਜ, ਕਹੀ ਇਹ ਗੱਲ

Tuesday, Aug 31, 2021 - 06:44 PM (IST)

ਕਰਾਚੀ- ਪਾਕਿਸਤਾਨ ਦੇ ਸਾਬਕਾ ਕਪਤਾਨ ਤੇ ਮਹਾਨ ਤੇਜ਼ ਗੇਂਦਬਾਜ਼ ਵਸੀਮ ਅਕਰਮ ਨੇ ਇਨ੍ਹਾਂ ਖ਼ਬਰਾਂ ਨੂੰ ਖ਼ਾਰਜ ਕੀਤਾ ਹੈ ਕਿ ਉਨ੍ਹਾਂ ਦੀ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦਾ ਪ੍ਰਧਾਨ ਬਣਨ 'ਚ ਦਿਲਚਸਪੀ ਹੈ। ਆਸਟਰੇਲੀਆ 'ਚ ਮੌਜੂਦ ਅਕਰਮ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਪੀ. ਸੀ. ਬੀ. ਪ੍ਰਧਾਨ ਦਾ ਅਹੁਦਾ ਮਾਹਰਾਂ ਲਈ ਹੈ ਤੇ ਉਹ ਇਸ ਦੇ ਲਈ ਤਿਆਰ ਨਹੀਂ ਹਨ। ਇਸ ਸਾਬਕਾ ਮਹਾਨ ਗੇਂਦਬਾਜ਼ ਨੇ ਹਾਲਾਂਕਿ ਇਸ ਗੱਲ ਦੀ ਨਾਂ ਤਾਂ ਪੁਸ਼ਟੀ ਕੀਤੀ ਤੇ ਨਾ ਹੀ ਇਨਕਾਰ ਕੀਤਾ ਕਿ ਬੋਰਡ ਦੇ ਮੁੱਖ ਸਰਪ੍ਰਸਤ ਪ੍ਰਧਾਨਮੰਤਰੀ ਇਮਰਾਨ ਖ਼ਾਨ ਨੇ ਉਨ੍ਹਾਂ ਨੂੰ ਇਸ ਅਹੁਦੇ ਦੀ ਪੇਸ਼ਕਸ਼ ਕੀਤੀ ਸੀ ਜਾਂ ਨਹੀਂ।

ਸਾਬਕਾ ਕਪਤਾਨ ਰਮੀਜ਼ ਰਾਜਾ ਨੂੰ ਪੀ. ਸੀ. ਬੀ. ਦੇ ਪ੍ਰਮੁੱਖ ਦੇ ਤੌਰ ਨਾਮਜ਼ਦ ਕਰਨ ਦੀ ਪ੍ਰਕਿਰਿਆ ਦੀ ਜਾਣਕਾਰੀ ਰੱਖਣ ਵਾਲੇ ਇਕ ਸੂਤਰ ਨੇ ਦਾਅਵਾ ਕੀਤਾ ਸੀ ਕਿ ਪ੍ਰਧਾਨਮੰਤਰੀ ਨੇ ਇਸ ਅਹੁਦੇ ਲਈ ਅਕਰਮ ਦੇ ਨਾਂ 'ਤੇ ਵੀ ਵਿਚਾਰ ਕੀਤਾ ਸੀ। ਪ੍ਰਧਾਨਮੰਤਰੀ ਨੇ ਰਮੀਜ਼ ਨੂੰ ਪੀ. ਸੀ. ਬੀ. ਦੇ ਨਿਰਦੇਸ਼ਕ ਮੰਡਲ ਦੇ ਲਈ ਨਾਮਜ਼ਦ ਕੀਤਾ ਹੈ ਜੋ 13 ਸਤੰਬਰ ਨੂੰ ਤਿੰਨ ਸਾਲ ਲਈ ਨਵੇਂ ਪ੍ਰਧਾਨ ਦੀ ਚੋਣ ਕਰੇਗਾ। ਪੀ. ਸੀ. ਬੀ. ਦੀ ਕ੍ਰਿਕਟ ਕਮੇਟੀ ਦੇ ਪ੍ਰਭਾਵੀ ਮੈਂਬਰ ਤੇ ਪਾਕਿਸਤਾਨ ਸੁਪਰ ਲੀਗ ਦੀ ਫ੍ਰੈਂਚਾਈਜ਼ੀ ਕਰਾਚੀ ਕਿੰਗਜ਼ ਦੇ ਕ੍ਰਿਕਟ ਨਿਰਦੇਸ਼ਕ/ਕੋਚ ਅਕਰਮ ਅਜੇ ਆਪਣੀ ਪਤਨੀ ਤੇ ਧੀ ਦੇ ਨਾਲ ਆਸਟਰੇਲੀਆ 'ਚ ਹਨ।


Tarsem Singh

Content Editor

Related News