ਵਾਰਨਰ ਨੂੰ ਝਗੜਾ ਕਰਨ ''ਤੇ ਮਿਲੇ 3 ਡੀ-ਮੈਰਿਟ ਅੰਕ

Wednesday, Mar 07, 2018 - 11:22 PM (IST)

ਡਰਬਨ— ਆਸਟਰੇਲੀਆ ਦੇ ਉਪ-ਕਪਤਾਨ ਡੇਵਿਡ ਵਾਰਨਰ ਨੂੰ ਪਹਿਲੇ ਕ੍ਰਿਕਟ ਟੈਸਟ ਦੌਰਾਨ ਦੱਖਣੀ ਅਫਰੀਕਾ ਦੇ ਕਵਿੰਟਨ ਡੀ ਕੌਕ ਨਾਲ ਹੋਏ ਝਗੜੇ ਦੇ ਨਤੀਜੇ ਵਜੋਂ 3 ਡੀ-ਮੈਰਿਟ ਅੰਕ ਮਿਲੇ ਹਨ, ਜਿਸ ਨਾਲ ਉਹ ਮੈਚ ਬੈਨ ਤੋਂ ਹੁਣ ਸਿਰਫ ਇਕ ਅੰਕ ਹੀ ਦੂਰ ਰਹਿ ਗਿਆ ਹੈ।
ਸਲਾਮੀ ਬੱਲੇਬਾਜ਼ ਵਾਰਨਰ 'ਤੇ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਲੈਵਲ-2 ਦਾ ਦੋਸ਼ ਲਾਇਆ ਸੀ, ਜਿਸ ਨੂੰ ਉਸ ਨੇ ਮੰਨ ਲਿਆ ਹੈ। ਵਾਰਨਰ 'ਤੇ ਇਸ ਤੋਂ ਇਲਾਵਾ ਮੈਚ ਫੀਸ ਦਾ 75 ਫੀਸਦੀ ਜੁਰਮਾਨਾ ਵੀ ਲਾਇਆ ਗਿਆ ਹੈ। ਡਰਬਨ 'ਚ ਪਹਿਲੇ ਟੈਸਟ ਦੌਰਾਨ ਖਿਡਾਰੀਆਂ ਦੇ ਡਰੈਸਿੰਗ  ਜਾਣ ਮੌਕੇ ਪੌੜੀਆਂ 'ਤੇ ਡੀ ਕੌਕ ਤੇ ਵਾਰਨਰ ਵਿਚਾਲੇ ਕਾਫੀ ਝੜਪ ਹੋ ਗਈ ਸੀ, ਜਿਸ 'ਚ ਸਾਥੀ ਖਿਡਾਰੀ ਵੀ ਸ਼ਾਮਲ ਹੋ ਗਏ ਸਨ। 
ਡੀ ਕੌਕ 'ਤੇ ਹਾਲਾਂਕਿ ਲੈਵਲ ਵਨ ਦਾ ਦੋਸ਼ ਲਾਇਆ ਗਿਆ ਹੈ ਪਰ ਉਸ ਨੇ ਇਸ ਨੂੰ ਸਵੀਕਾਰ ਨਹੀਂ ਕੀਤਾ ਤੇ ਉਹ ਪੋਰਟ ਐਲਿਜ਼ਾਬੇਥ 'ਚ ਮਾਮਲੇ 'ਤੇ ਸੁਣਵਾਈ ਦਾ ਹਿੱਸਾ ਬਣੇਗਾ।
ਆਸਟਰੇਲੀਆਈ ਟੀਮ ਦੇ ਉਪ-ਕਪਤਾਨ ਵਾਰਨਰ ਨੇ ਮੈਚ ਰੈਫਰੀ ਜੈਫ ਕ੍ਰੋ ਤੇ ਆਸਟਰੇਲੀਆਈ ਟੀਮ ਮੈਨੇਜਮੈਂਟ ਨਾਲ ਮੰਗਲਵਾਰ ਤੇ ਬੁੱਧਵਾਰ ਮੁਲਾਕਾਤ ਕੀਤੀ ਸੀ ਤੇ ਉਸ ਤੋਂ ਬਾਅਦ ਉਸ 'ਤੇ ਲੈਵਲ-2 ਦਾ ਦੋਸ਼ ਲਾਇਆ ਗਿਆ ਹੈ। ਵਾਰਨਰ ਇਸ ਸੀਰੀਜ਼ 'ਚ ਕੈਗਿਸੋ ਰਬਾਡਾ ਤੇ ਫਾਫ ਡੂ ਪਲੇਸਿਸ ਦੀ ਸ਼੍ਰੇਣੀ 'ਚ ਆ ਗਿਆ ਹੈ, ਜਿਨ੍ਹਾਂ ਨੂੰ ਫਿਰ ਤੋਂ ਦੋਸ਼ੀ ਪਾਏ ਜਾਣ 'ਤੇ ਸਸਪੈਂਡ ਕਰ ਦਿੱਤਾ ਜਾਵੇਗਾ।


Related News