ਸਟੀਵ ਸਮਿਥ ICC ਟੈਸਟ ਰੈਂਕਿੰਗ ’ਚ ਬਣੇ ਨੰਬਰ ਵਨ ਬੱਲੇਬਾਜ਼, ਕੋਹਲੀ ਇਸ ਸਥਾਨ ’ਤੇ ਪਹੁੰਚੇ
Wednesday, Jun 16, 2021 - 05:39 PM (IST)
ਦੁਬਈ— ਭਾਰਤੀ ਬੱਲੇਬਾਜ਼ ਕੇ ਕਪਤਾਨ ਵਿਰਾਟ ਕੋਹਲੀ ਬੁੱਧਵਾਰ ਨੂੰ ਜਾਰੀ ਤਾਜ਼ਾ ਆਈ. ਸੀ. ਸੀ. (ਕੌਮਾਂਤਰੀ ਕ੍ਰਿਕਟ ਪਰਿਸ਼ਦ) ਦੀ ਟੈਸਟ ਰੈਂਕਿੰਗ ’ਚ ਚੌਥੇ ਸਥਾਨ ’ਤੇ ਪਹੁੰਚ ਗਏ ਜਦਕਿ ਆਸਟਰੇਲੀਆਈ ਬੱਲੇਬਾਜ਼ ਸਟੀਵ ਸਮਿਥ ਨੇ ਫਿਰ ਤੋਂ ਚੋਟੀ ਦਾ ਸਥਾਨ ਹਾਸਲ ਕਰ ਲਿਆ ਹੈ। ਸ਼ੁੱਕਰਵਾਰ ਨੂੰ ਸਾਊਥੰਪਟਨ ਦੇ ਹੈਂਪਸ਼ਾਇਰ ਬਾਊਲ ’ਚ ਨਿਊਜ਼ੀਲੈਂਡ ਦੇ ਖ਼ਿਲਾਫ਼ ਵਿਸ਼ਵ ਟੈਸਟ ਚੈਂਪੀਅਨਸ਼ਿਪ ਫ਼ਾਈਨਲ ’ਚ ਭਾਰਤ ਦੀ ਅਗਵਾਈ ਕਰਨ ਵਾਲੇ ਕੋਹਲੀ ਦੇ 814 ਅੰਕ ਹਨ।
ਚੋਟੀ ਦੇ 10 ’ਚ ਸ਼ਾਮਲ ਹੋਰ ਭਾਰਤੀਆਂ ’ਚ ਕੋਹਲੀ ਦੇ ਨਾਲ ਰਿਸ਼ਭ ਪੰਤ (747 ਅੰਕ) ਤੇ ਸਟਾਰ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ (747 ਅੰਕ) ਮੌਜੂਦ ਹਨ ਜਿਨ੍ਹਾਂ ਨੇ ਆਪਣਾ ਛੇਵਾਂ ਸਥਾਨ ਬਰਕਰਾਰ ਰਖਿਆ ਹੈ। ਸਮਿਥ ਨੇ ਪਿਛਲੇ ਸਾਲ ਬਾਕਸਿੰਗ ਡੇ ਟੈਸਟ ਦੇ ਬਾਅਦ ਪਹਿਲੀ ਵਾਰ ਚੋਟੀ ਦਾ ਸਥਾਨ ਹਾਸਲ ਕੀਤਾ, ਉਨ੍ਹਾਂ ਨੇ ਨਿਊਜ਼ੀਲੈਂਡ ਦੇ ਕੇਨ ਵਿਲੀਅਮਸਨ ਨੂੰ ਪਿੱਛੇ ਕੀਤਾ ਜੋ ਵਿਸ਼ਵ ਟੈਸਟ ਚੈਂਪੀਅਨਸ਼ਿਪ ਫ਼ਾਈਨਲ ’ਚ ਆਪਣੀ ਟੀਮ ਦੀ ਅਗਵਾਈ ਕਰਨਗੇ।
ਵਿਲੀਅਮਸਨ ਸੱਟ ਦਾ ਸ਼ਿਕਾਰ ਹੋਣ ਕਾਰਨ ਇੰਗਲੈਂਡ ਖ਼ਿਲਾਫ਼ ਦੂਜੇ ਟੈਸਟ’ਚ ਨਹੀਂ ਖੇਡੇ ਸਨ ਜਿਸ ਨਾਲ ਉਹ ਸਮਿਥ ਤੋਂ ਪੰਜ ਰੇਟਿੰਗ ਅੰਕ ਖ਼ਿਸਕ ਗਏ ਤੇ ਬੱਲੇਬਾਜ਼ੀ ਦੀ ਸੂਚੀ ’ਚ ਦੂਜੇ ਸਥਾਨ ’ਤੇ ਪਹੁੰਚ ਗਏ। ਸਮਿਥ ਦੇ 891 ਰੇਟਿੰਗ ਅੰਕ ਹਨ। ਇਸ ਦਾ ਮਤਲਬ ਹੈ ਕਿ ਸਮਿਥ ਕੁਲ 167 ਟੈਸਟ ’ਚ ਚੋਟੀ ’ਤੇ ਰਹੇ ਹਨ ਤੇ ਉਹ ਸਿਰਫ ਗੈਰੀ ਸੋਬਰਸ (189 ਅੰਕ ) ਤੇ ਵਿਵ ਰਿਚਰਡਸ (179 ਅੰਕ) ਤੋਂ ਪਿੱਛੇ ਹਨ।