10 ਹਜ਼ਾਰ ਦੌੜਾਂ ਬਣਾਉਣ ਤੋਂ ਪਹਿਲਾਂ ਹੀ ਵਿਰਾਟ ਕੋਹਲੀ ਨੇ ਤੋੜਿਆ ਇਹ ਵਰਲਡ ਰਿਕਾਰਡ
Wednesday, Oct 24, 2018 - 05:18 PM (IST)

ਨਵੀਂ ਦਿੱਲੀ— ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦਾ ਸ਼ਾਨਦਾਰ ਫਾਰਮ ਜਾਰੀ ਹੈ। ਵੈਸਟਇੰਡੀਜ਼ ਖਿਲਾਫ ਪਹਿਲੇ ਮੈਚ 'ਚ ਸੈਂਕੜਾ ਲਗਾਉਣ ਵਾਲੇ ਭਾਰਤੀ ਕਪਤਾਨ ਨੇ ਦੂਜੇ ਵਨ ਡੇ 'ਚ ਵੀ ਅਰਧਸੈਂਕੜਾ ਲਗਾਇਆ। ਖਬਰ ਲਿਖੇ ਜਾਣ ਤੱਕ ਵਿਰਾਟ ਕੋਹਲੀ ਨੇ 56 ਗੇਂਦਾਂ 'ਚ ਅਰਧਸੈਂਕੜਾ ਲਗਾ ਦਿੱਤਾ। ਇਹ ਉਨ੍ਹਾਂ ਦੇ ਵਨ ਡੇ ਕਰੀਅਰ ਦਾ 49ਵਾਂ ਅਰਧਸੈਂਕੜਾ ਹੈ।
ਹਾਲਾਂਕਿ ਅਰਧਸੈਂਕੜੇ ਤੋਂ ਪਹਿਲਾਂ ਵਿਰਾਟ ਕੋਹਲੀ ਨੂੰ ਇਕ ਜੀਵਨਦਾਨ ਵੀ ਮਿਲਿਆ, ਜਦੋਂ ਵਿਰਾਟ ਕੋਹਲੀ 44 ਦੌੜਾਂ 'ਤੇ ਸਨ ਤਾਂ ਵੈਸਟਇੰਡੀਜ਼ ਦੇ ਕਪਤਾਨ ਜੇਸਨ ਹੋਲਡਰ ਨੇ ਉਸਦਾ ਕੈਚ ਟਪਕਾ ਦਿੱਤਾ, ਵਿਰਾਟ ਨੂੰ ਇਹ ਜੀਵਨਦਾਨ ਆਪਣਾ ਪਹਿਲਾ ਮੈਚ ਖੇਡ ਰਹੇ ਮੈਕੋਏ ਦੀ ਗੇਂਦ 'ਤੇ ਛੱਡਿਆ।
ਵਿਰਾਟ ਕੋਹਲੀ ਨੇ ਅਰਧਸੈਂਕੜੇ ਤੋਂ ਪਹਿਲਾਂ ਇਕ ਵੱਡਾ ਵਰਲਡ ਰਿਕਾਰਡ ਆਪਣੇ ਨਾਂ ਕੀਤਾ, ਵਿਰਾਟ ਕੋਹਲੀ ਨੇ ਭਾਰਤੀ ਧਰਤੀ 'ਤੇ ਆਪਣੇ 4 ਹਜ਼ਾਰ ਵਨ ਡੇ ਦੌੜਾਂ ਪੂਰੀਆਂ ਕਰ ਲਈਆਂ ਹਨ, ਉਹ ਘਰੇਲੂ ਧਰਤੀ 'ਤੇ ਸਭ ਤੋਂ ਤੇਜ਼ੀ ਨਾਲ 4 ਹਜ਼ਾਰ ਦੌੜਾਂ ਪੂਰੀਆਂ ਕਰਨ ਵਾਲੇ ਬੱਲੇਬਾਜ਼ ਬਣ ਗਏ। ਵਿਰਾਟ ਨੇ ਸਿਰਫ 78 ਪਾਰੀਆਂ 'ਚ ਇਹ ਕਾਰਨਾਮਾ ਕੀਤਾ, ਇਸ ਤੋਂ ਪਹਿਲਾਂ ਏ.ਬੀ. ਡੀਵਿਲੀਅਰਸ ਨੇ 91 ਪਾਰੀਆਂ 'ਚ ਘਰੇਲੂ ਧਰਤੀ 'ਤੇ 4 ਹਜ਼ਾਰ ਵਨ ਡੇ ਦੌੜਾਂ ਪੂਰੀਆਂ ਕੀਤੀਆਂ ਸਨ।
ਭਾਰਤ 'ਚ ਸਭ ਤੋਂ ਜ਼ਿਆਦਾ ਵਨ ਡੇ ਦੌੜਾਂ ਬਣਾਉਣ ਦਾ ਰਿਕਾਰਡ ਸਚਿਨ ਤੇਂਦੁਲਕਰ ਦੇ ਨਾਂ ਹੈ। ਉਨ੍ਹਾਂ ਨੇ ਭਾਰਤ 'ਚ 6976 ਦੌੜਾਂ ਬਣਾਈਆਂ ਹਨ। ਧੋਨੀ ਨੇ ਭਾਰਤ 'ਚ 4390 ਦੌੜਾਂ ਬਣਾਈਆਂ ਹਨ। ਸਿਰਫ ਇਹ 3 ਹੀ ਬੱਲੇਬਾਜ਼ ਭਾਰਤ 'ਚ 4 ਹਜ਼ਾਰ ਤੋਂ ਜ਼ਿਆਦਾ ਵਨ ਡੇ ਦੌੜਾਂ ਬਣਾਉਣ 'ਚ ਸਫਲ ਰਹੇ ਹਨ।
ਵੈਸੇ ਵਿਰਾਟ ਕੋਹਲੀ ਘਰੇਲੂ ਧਰਤੀ 'ਤੇ ਵੈਸਟਇੰਡੀਜ਼ ਖਿਲਾਫ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਭਾਰਤੀ ਵੀ ਬਣ ਗਏ ਹਨ, ਵਿਰਾਟ ਨੇ ਸਚਿਨ ਦੇ 1573 ਦੌੜਾਂ ਦਾ ਰਿਕਾਰਡ ਤੋੜ ਦਿੱਤਾ ਹੈ।