ਸਾਲ 2020 ’ਚ ਸੈਂਕੜੇ ਲਈ ਤਰਸੇ ਵਿਰਾਟ ਕੋਹਲੀ, 12 ਸਾਲ ਬਾਅਦ ਫਿਰ ਖਾਮੋਸ਼ ਰਿਹਾ ਬੱਲਾ

12/22/2020 5:28:18 PM

ਨਵੀਂ ਦਿਲੀ (ਵਾਰਤਾ) : ਭਾਰਤੀ ਕਪਤਾਨ ਅਤੇ ਰਨ ਮਸ਼ੀਨ ਵਿਰਾਟ ਕੋਹਲੀ ਦੇ ਸ਼ਾਨਦਾਰ ਕਰੀਅਰ ਵਿੱਚ 12 ਸਾਲਾਂ ਦੇ ਲੰਬੇ ਅੰਤਰਾਲ ਦੇ ਬਾਅਦ ਇੱਕ ਕੈਲੰਡਰ ਸਾਲ ਵਿੱਚ ਕਿਸੇ ਵੀ ਫਾਰਮੈਟ ਵਿੱਚ ਕੋਈ ਸੈਂਕੜਾ ਨਹੀਂ ਨਿਕਲਿਆ। ਵਿਰਾਟ ਆਸਟਰੇਲੀਆ ਦੌਰੇ ਵਿੱਚ 4 ਟੈਸਟਾਂ ਦੀ ਸੀਰੀਜ਼ ਦਾ ਪਹਿਲਾ ਟੈਸਟ ਖੇਡਣ ਦੇ ਬਾਅਦ ਮੰਗਲਵਾਰ ਨੂੰ ਐਡੀਲੇਡ ਤੋਂ ਆਪਣੇ ਦੇਸ਼ ਲਈ ਰਵਾਨਾ ਹੋ ਗਏ। ਭਾਰਤ ਦੇ ਸਭ ਤੋਂ ਸਫ਼ਲ ਟੈਸਟ ਕਪਤਾਨ ਵਿਰਾਟ ਨੂੰ ਐਡੀਲੇਡ ਵਿੱਚ ਖੇਡੇ ਗਏ ਪਹਿਲੇ ਦਿਨ-ਰਾਤ ਟੈਸਟ ਵਿੱਚ ਆਸਟਰੇਲੀਆ ਹੱਥੋਂ 8 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਣਾ ਪਿਆ। ਇਸ ਮੈਚ ਦੀ ਦੂਜੀ ਪਾਰੀ ਵਿੱਚ ਭਾਰਤੀ ਟੀਮ ਆਪਣੇ ਇਤਿਹਾਸ ਦੇ ਘੱਟ ਤੋਂ ਘੱਟ ਸਕੋਰ 36 ਦੌੜਾਂ ’ਤੇ ਢੇਰ ਹੋ ਗਈ ਸੀ।

ਇਹ ਵੀ ਪੜ੍ਹੋ: IND vs AUS: ਭਾਰਤੀ ਟੀਮ ਲਈ ਪ੍ਰੀਖਿਆ ਦੀ ਘੜੀ, ਪੈਟਰਨਟੀ ਛੁੱਟੀ ਲੈ ਕੇ ਭਾਰਤ ਪਰਤੇ ਵਿਰਾਟ ਕੋਹਲੀ

ਭਾਰਤੀ ਕਪਤਾਨ ਵਿਰਾਟ ਜਨਵਰੀ ਵਿੱਚ ਆਪਣੇ ਪਹਿਲੇ ਬੱਚੇ ਦੇ ਜਨਮ ਕਾਰਨ ਆਪਣੇ ਦੇਸ਼ ਪਰਤ ਰਹੇ ਹਨ। ਵਿਰਾਟ ਦੇ ਸ਼ਾਨਦਾਰ ਕਰੀਅਰ ਵਿੱਚ 12 ਸਾਲਾਂ ਦੇ ਲੰਬੇ ਅੰਤਰਾਲ ਦੇ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਉਨ੍ਹਾਂ ਦੇ ਬੱਲੇ ’ਚੋਂ ਇੱਕ ਕੈਲੰਡਰ ਸਾਲ ਵਿੱਚ ਕੋਈ ਸੈਂਕੜਾ ਨਹੀਂ ਨਿਕਲਿਆ ਹੈ। ਵਿਰਾਟ ਨੇ ਆਪਣੇ ਵਨਡੇ ਕਰੀਅਰ ਦੀ ਸ਼ੁਰੂਆਤ 2008 ਵਿੱਚ ਕੀਤੀ ਸੀ ਅਤੇ ਉਸ ਸਾਲ ਉਨ੍ਹਾਂ ਨੇ 5 ਵਨਡੇ ਖੇਡੇ ਸਨ ਪਰ ਕੋਈ ਸੈਂਕੜਾ ਨਹੀਂ ਬਣਾਇਆ ਸੀ। ਵਿਰਾਟ ਨੇ ਇਸ ਦੇ ਬਾਅਦ ਹਰ ਸਾਲ ਵਿੱਚ ਸੈਂਕੜੇ ਬਣਾਏ। 2020 ਹੀ ਅਜਿਹਾ ਸਾਲ ਹੈ ਜਿਸ ਵਿੱਚ ਵਿਰਾਟ ਵਨਡੇ ਜਾਂ ਟੈਸਟ ਫਾਰਮੈਟ ਵਿੱਚ ਕੋਈ ਸੈਂਕੜਾ ਨਹੀਂ ਬਣਾ ਸਕੇ। ਕੋਰੋਨਾ ਪ੍ਰਭਾਵਿਤ 2020 ਵਿੱਚ ਵਿਰਾਟ ਨੇ 9 ਵਨਡੇ ਖੇਡੇ ਅਤੇ 431 ਦੌੜਾਂ ਬਣਾਈਆਂ। ਇਸ ਸਾਲ ਉਨ੍ਹਾਂ ਦਾ ਸਭ ਤੋਂ ਜ਼ਿਆਦਾ ਸਕੋਰ 89 ਦੌੜਾਂ ਦਾ ਰਿਹਾ। 

ਇਹ ਵੀ ਪੜ੍ਹੋ: ਕ੍ਰਿਕਟ ਦੇ ਮੈਦਾਨ ’ਚ ਮੁੜ ਚੱਲੇਗਾ ਸੁਰੇਸ਼ ਰੈਨਾ ਦਾ ਬੱਲਾ, ਇਸ ਟੀਮ ਲਈ ਖੇਡਦੇ ਆਉਣਗੇ ਨਜ਼ਰ

ਵਿਰਾਟ ਨੇ ਆਪਣਾ ਟੈਸਟ ਕਰੀਅਰ 2011 ਵਿੱਚ ਸ਼ੁਰੂ ਕੀਤਾ ਸੀ ਅਤੇ ਉਸ ਸਾਲ 5 ਟੈਸਟ ਮੈਚਾਂ ਵਿੱਚ ਕੋਈ ਸੈਂਕੜਾ ਨਹੀਂ ਬਣਾਇਆ ਸੀ ਪਰ 2011 ਵਿੱਚ ਵਿਰਾਟ ਨੇ 34 ਵਨਡੇ ਵਿੱਚ 4 ਸੈਂਕੜੇ ਬਣਾਏ ਸਨ। 2011 ਦੇ ਬਾਅਦ ਤੋਂ ਵਿਰਾਟ ਦੇ ਬੱਲੇ ’ਚੋਂ ਹਰ ਸਾਲ ਟੈਸਟ ਮੈਚਾਂ ਵਿੱਚ ਸੈਂਕੜੇ ਨਿਕਲਦੇ ਰਹੇ ਪਰ 2020 ਵਿੱਚ ਉਨ੍ਹਾਂ ਦੇ ਬੱਲੇ ’ਚੋਂ ਕੋਈ ਸੈਂਕੜਾ ਨਹੀਂ ਨਿਕਲਿਆ। ਵਿਰਾਟ ਨੇ ਇਸ ਸਾਲ 3 ਟੈਸਟ ਖੇਡੇ ਅਤੇ 116 ਦੌੜਾਂ ਬਣਾਈਆਂ। ਉਨ੍ਹਾਂ ਦਾ ਇਸ ਸਾਲ ਸਭ ਤੋਂ ਜ਼ਿਆਦਾ ਸਕੋਰ 74 ਦੌੜਾਂ ਦਾ ਰਿਹਾ, ਜੋ ਉਨ੍ਹਾਂ ਨੇ ਐਡੀਲੇਡ ਟੈਸਟ ਦੀ ਪਹਿਲੀ ਪਾਰੀ ਵਿੱਚ ਬਣਾਇਆ ਸੀ।

ਇਹ ਵੀ ਪੜ੍ਹੋ: PM ਮੋਦੀ ਨੇ AMU ਦੇ ਸ਼ਤਾਬਦੀ ਸਮਾਰੋਹ ਮੌਕੇ ਜਾਰੀ ਕੀਤੀ ਵਿਸ਼ੇਸ਼ ਡਾਕ ਟਿਕਟ

ਵਿਰਾਟ ਆਪਣੇ ਕਰੀਅਰ ਵਿੱਚ 87 ਟੈਸਟਾਂ ਵਿੱਚ 7318 ਦੌੜਾਂ, 251 ਵਨਡੇ ਵਿੱਚ 12,040 ਦੌੜਾਂ ਅਤੇ 85 ਟੀ-20 ਵਿੱਚ 2,928 ਦੌੜਾਂ ਬਣਾ ਚੁੱਕੇ ਹਨ। ਉਨ੍ਹਾਂ ਨੇ ਅੰਤਰਰਾਸ਼ਟਰੀ ਟੀ-20 ਵਿੱਚ ਹੁਣ ਤੱਕ ਕੋਈ ਸੈਂਕੜਾ ਨਹੀਂ ਬਣਾਇਆ ਹੈ, ਜਦੋਂ ਕਿ ਟੈਸਟ ਵਿੱਚ ਉਨ੍ਹਾਂ ਨੇ 27 ਅਤੇ ਵਨਡੇ ਵਿੱਚ 43 ਸੈਂਕੜੇ ਬਣਾਏ ਹਨ। ਭਾਰਤ ਨੂੰ ਅਗਲੇ ਸਾਲ ਦੀ ਸ਼ੁਰੂਆਤ ਵਿੱਚ ਇੰਗਲੈਂਡ ਦੀ ਮੇਜਬਾਨੀ ਕਰਣੀ ਹੈ ਅਤੇ ਵਿਰਾਟ ਉਮੀਦ ਕਰਣਗੇ ਕਿ ਉਹ ਨਵੇਂ ਸਾਲ ਦੀ ਸ਼ੁਰੂਆਤ 2020 ਦੇ ਸੈਂਕੜੇ ਸੋਕੇ ਨੂੰ ਪਿੱਛੇ ਛੱਡ ਕੇ ਕਰਣ।

ਇਹ ਵੀ ਪੜ੍ਹੋ: ਸੁਰੇਸ਼ ਰੈਨਾ ਅਤੇ ਗੁਰੂ ਰੰਧਾਵਾ ਖ਼ਿਲਾਫ਼ ਮੁੰਬਈ ’ਚ FIR ਦਰਜ, ਜਾਣੋ ਪੂਰਾ ਮਾਮਲਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News