ICC Test Ranking ''ਚ ਕੋਹਲੀ ਦੀ ਬਾਦਸ਼ਾਹਤ ਬਰਕਰਾਰ, ਜ਼ਖਮੀ ਬੁਮਰਾਹ ਨੂੰ ਨੁਕਸਾਨ

12/16/2019 5:20:07 PM

ਸਪੋਰਟਸ ਡੈਸਕ— ਭਾਰਤੀ ਕਪਤਾਨ ਵਿਰਾਟ ਕੋਹਲੀ ਸੋਮਵਾਰ ਨੂੰ ਜਾਰੀ ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਦੀ ਤਾਜ਼ਾ ਟੈਸਟ ਰੈਂਕਿੰਗ 'ਚ ਬੱਲੇਬਾਜ਼ਾਂ ਦੀ ਸੂਚੀ 'ਚ ਚੋਟੀ ਦੇ ਸਥਾਨ 'ਤੇ ਬਣੇ ਹੋਏ ਹਨ ਜਦਕਿ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਛੇਵੇਂ ਸਥਾਨ 'ਤੇ ਖਿਸਕ ਗਏ। ਕੋਹਲੀ (928) ਆਸਟਰੇਲੀਆ ਦੇ ਸਾਬਕਾ ਕਪਤਾਨ ਸਟੀਵ ਸਮਿਥ ਤੋਂ 17 ਅੰਕ ਅੱਗੇ ਹਨ। ਸਮਿਥ ਨੇ ਨਿਊਜ਼ੀਲੈਂਡ ਦੇ ਖਿਲਾਫ ਪਰਥ 'ਚ ਖੇਡੇ ਗਏ ਪਹਿਲੇ ਡੇ-ਨਾਈਟ ਟੈਸਟ 'ਚ 43 ਅਤੇ 16 ਦੌੜਾਂ ਬਣਾਈਆਂ ਸਨ। ਆਸਟਰੇਲੀਆ ਨੇ ਇਸ ਮੁਕਾਬਲੇ ਨੂੰ 296 ਦੌੜਾਂ ਨਾਲ ਆਪਣੇ ਨਾਂ ਕੀਤਾ ਸੀ। ਚੇਤੇਸ਼ਵਰ ਪੁਜਾਰਾ (791) ਅਤੇ ਅਜਿੰਕਯ ਰਹਾਨੇ (759) ਕ੍ਰਮਵਾਰ ਚੌਥੇ ਅਤੇ ਛੇਵੇਂ ਸਥਾਨ 'ਤੇ ਬਣੇ ਹੋਏ ਹਨ। ਆਸਟਰੇਲੀਅਨ ਬੱਲੇਬਾਜ਼ ਮਾਨੁਸ ਲਾਬੁਸ਼ੇਨ ਦਾ ਰੈਂਕਿੰਗ 'ਚ ਉੱਪਰ ਚੜ੍ਹਨਾ ਜਾਰੀ ਹੈ। ਨਿਊਜ਼ੀਲੈਂਡ ਦੇ ਖਿਲਾਫ ਪਰਥ ਟੈਸਟ 'ਚ 143 ਅਤੇ 50 ਦੌੜਾਂ ਦੀਆਂ ਸ਼ਾਨਦਾਰ ਪਾਰੀਆਂ ਖੇਡਣ ਵਾਲੇ ਲਾਬੁਸ਼ੇਨ ਤਿੰਨ ਸਥਾਨ ਦੇ ਸੁਧਾਰ ਦੇ ਨਾਲ ਪੰਜਵੇਂ ਸਥਾਨ 'ਤੇ ਪਹੁੰਚ ਗਏ। ਰੈਂਕਿੰਗ 'ਚ ਉਨ੍ਹਾਂ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੂੰ ਪਿੱਛੇ ਛੱਡ ਦਿੱਤਾ ਹੈ ਅਤੇ ਸਮਿਥ ਦੇ ਬਾਅਦ ਸਰਵਸ੍ਰੇਸ਼ਠ ਆਸਟਰੇਲੀਆਈ ਬੱਲੇਬਾਜ਼ ਹਨ। ਸ਼੍ਰੀਲੰਕਾ ਦੇ ਨਾਲ ਘਰੇਲੂ ਟੈਸਟ 'ਚ ਅਜੇਤੂ 102 ਦੌੜਾਂ ਦੀ ਪਾਰੀ ਖੇਡਣ ਵਾਲੇ ਬਾਬਰ ਆਜ਼ਮ ਪਹਿਲੀ ਵਾਰ ਚੋਟੀ ਦੇ 10 'ਚ ਪਹੁੰਚੇ ਹਨ।
PunjabKesari
ਗੇਂਦਬਾਜ਼ਾਂ ਦੀ ਰੈਂਕਿੰਗ 'ਚ ਦੱਖਣੀ ਅਫਰੀਕਾ ਖਿਲਾਫ ਘਰੇਲੂ ਸੀਰੀਜ਼ ਤੋਂ ਸੱਟ ਦੇ ਕਾਰਨ ਟੀਮ 'ਚੋਂ ਬਾਹਰ ਚਲ ਰਹੇ ਬੁਮਰਾਹ ਛੇਵੇਂ ਸਥਾਨ 'ਤੇ ਖਿਸਕ ਗਏ ਹਨ। ਇਸ ਰੈਂਕਿੰਗ 'ਚ ਆਸਟਰੇਲੀਆ ਦੇ ਪੈਟ ਕਮਿੰਸ ਪਹਿਲੇ ਸਥਾਨ 'ਤੇ ਹਨ। ਆਸਟਰੇਲੀਆ ਖਿਲਾਫ ਟੈਸਟ 'ਚ 7 ਵਿਕਟਾਂ ਲੈਣ ਵਾਲੇ ਨਿਊਜ਼ੀਲੈਂਡ ਦੇ ਨੀਲ ਵੈਗਨਰ ਕਰੀਅਰ ਦੀ ਸਰਵਸ੍ਰੇਸ਼ਠ ਰੇਟਿੰਗ 834 ਦੇ ਨਾਲ ਇਕ ਵਾਰ ਫਿਰ ਤੀਜੇ ਸਥਾਨ 'ਤੇ ਪਹੁੰਚ ਗਏ ਹਨ। ਮੈਚ 'ਚ 9 ਵਿਕਟਾਂ ਲੈਣ ਵਾਲੇ ਟਿਮ ਸਾਊਦੀ ਵੀ ਚੋਟੀ ਦੇ 10 'ਚ ਜਗ੍ਹਾ ਬਣਾਉਣ 'ਚ ਸਫਲ ਰਹੇ। ਇਸ ਮੈਚ 'ਚ 9 ਵਿਕਟਾਂ ਲੈਣ ਵਾਲੇ ਆਸਟਰੇਲੀਆਈ ਗੇਂਦਬਾਜ਼ ਮਿਸ਼ੇਲ ਸਟਾਰਕ ਕਰੀਅਰ ਦੀ ਸਰਵਸ੍ਰੇਸ਼ਠ 806 ਰੇਟਿੰਗ ਦੇ ਨਾਲ ਸਰਵਸ੍ਰੇਸ਼ਠ ਪੰਜਵੇਂ ਸਥਾਨ 'ਤੇ ਪਹੁੰਚ ਗਏ। ਹਰਫਨਮੌਲਾ ਖਿਡਾਰੀਆਂ ਦੀ ਰੈਂਕਿੰਗ 'ਚ ਰਵਿੰਦਰ ਜਡੇਜਾ, ਵੈਸਟਇੰਡੀਜ਼ ਦੇ ਜੇਸਨ ਹੋਲਡਰ ਦੇ ਬਾਅਦ ਦੂਜੇ ਸਥਾਨ 'ਤੇ ਬਣੇ ਹੋਏ ਹਨ। ਭਾਰਤੀ ਟੀਮ ਆਈ. ਸੀ. ਸੀ. ਟੈਸਟ ਚੈਂਪੀਅਨਸ਼ਿਪ 'ਚ 360 ਅੰਕਾਂ ਦੇ ਨਾਲ ਪਹਿਲੇ ਸਥਾਨ 'ਤੇ ਬਣੀ ਹੋਈ ਹੈ। ਇਸ ਤੋਂ ਬਾਅਦ ਆਸਟਰੇਲੀਆ (216), ਸ਼੍ਰੀਲੰਕਾ (80), ਨਿਊਜ਼ੀਲੈਂਡ (60) ਅਤੇ ਇੰਗਲੈਂਡ (56) ਦੀਆਂ ਟੀਮਾਂ ਹਨ।


Tarsem Singh

Content Editor

Related News