ਅਜ਼ਹਰੂਦੀਨ ਦੇ ਇਸ ਰਿਕਾਰਡ ਨੂੰ ਪਿੱਛੇ ਛੱਡਣ ਦੀ ਤਿਆਰੀ ''ਚ ਹਨ ਵਿਰਾਟ
Monday, Oct 01, 2018 - 02:10 PM (IST)

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਵੈਸਟਇੰਡੀਜ਼ ਖਿਲਾਫ ਆਉਣ ਵਾਲੇ 2 ਟੈਸਟਾਂ ਦੀ ਸੀਰੀਜ਼ ਵਿਚ 15 ਮੈਂਬਰੀ ਟੀਮ ਦੀ ਕਪਤਾਨੀ ਕਰਨ ਉਤਰਣਗੇ, ਜਿਸ ਵਿਚ ਉਹ ਇਸ ਵਿਰੋਧੀ ਟੀਮ ਖਿਲਾਫ ਸਾਬਕਾ ਕਪਤਾਨ ਮੁਹੰਮਦ ਅਜ਼ਹਰੂਦੀਨ ਦੇ ਸਭ ਤੋਂ ਵੱਧ ਟੈਸਟ ਦੌੜਾਂ ਦੇ ਰਿਕਾਰਡ ਨੂੰ ਪਿੱਛੇ ਛੱਡ ਸਕਦੇ ਹਨ। ਵਿਰਾਟ ਨੂੰ ਏਸ਼ੀਆ ਕੱਪ ਵਿਚ ਭਾਰਤੀ ਟੀਮ ਤੋਂ ਆਰਾਮ ਦਿੱਤਾ ਗਿਆ ਸੀ, ਜਿਸ ਵਿਚ ਰੋਹਿਤ ਸ਼ਰਮਾ ਨੇ ਟੀਮ ਦੀ ਕਪਤਾਨੀ ਸੰਭਾਲੀ ਅਤੇ ਉਸ ਨੂੰ 7ਵੀਂ ਵਾਰ ਚੈਂਪੀਅਨ ਬਣਾਇਆ। ਵਿਰਾਟ ਦੋਬਾਰਾ ਭਾਰਤੀ ਟੀਮ ਨਾਲ ਘਰੇਲੂ ਸੀਰੀਜ਼ ਦੌਰਾਨ ਜੁੜਨਗੇ। ਭਾਰਤੀ ਕਪਤਾਨ ਅਤੇ ਸਟਾਰ ਖਿਡਾਰੀ ਲਗਭਗ ਹਰ ਸੀਰੀਜ਼ ਅਤੇ ਹਰ ਮੈਚ ਦੇ ਜ਼ਰੀਏ ਕੋਈ ਨਾ ਕੋਈ ਨਵਾਂ ਰਿਕਾਰਡ ਕਾਇਮ ਕਰਦੇ ਹਨ ਅਤੇ ਇਸ ਵਾਰ ਉਹ ਜਦੋਂ ਵਿੰਡੀਜ਼ ਖਿਲਾਫ ਖੇਡਣ ਉਤਣਗੇ ਤਾਂ ਇਸ ਟੀਮ ਖਿਲਾਫ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ ਵਿਚ ਅਜ਼ਹਰੂਦੀਨ ਨੂੰ ਪਿੱਛੇ ਛੱਡ ਸਕਦੇ ਹਨ।
ਵਿਰਾਟ ਲਈ ਇਹ ਉਪਲੱਬਧੀ ਆਸਾਨ ਮੰਨੀ ਜਾ ਸਕਦੀ ਹੈ ਜਿਸ ਦੇ ਨਾਂ ਅਜੇ ਤੱਕ ਵਿੰਡੀਜ਼ ਖਿਲਾਫ 502 ਦੌੜਾਂ ਹਨ ਅਤੇ ਇਹ ਸਾਬਕਾ ਕ੍ਰਿਕਟਰ ਅਜ਼ਹਰੂਦੀਨ ਦੇ 539 ਦੌੜਾਂ ਤੋਂ ਸਿਰਫ 39 ਦੌੜਾਂ ਪਿੱਛੇ ਹੈ। ਵਿੰਡੀਜ਼ ਖਿਲਾਫ ਟੈਸਟ ਸਵਰੂਪ ਵਿਚ ਵਿਰਾਟ ਪਹਿਲਾਂ ਹੀ ਮਹਿੰਦਰ ਸਿੰਘ ਧੋਨੀ (476) ਨੂੰ ਪਿੱਛੇ ਛੱਡ ਚੁੱਕੇ ਹਨ। ਧੋਨੀ ਨੇ ਸਾਲ 2014 ਵਿਚ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। ਵਿਰਾਟ ਨੇ ਹੁਣ ਤੱਕ ਵਿੰਡੀਜ਼ ਖਿਲਾਫ 38.61 ਦੀ ਔਸਤ ਨਾਲ ਦੌੜਾਂ ਬਣਾਈਆਂ ਹਨ। ਵਿੰਡੀਜ਼ ਖਿਲਾਫ ਸਾਬਕਾ ਕ੍ਰਿਕਟਰ ਸੁਨੀਲ ਗਾਵਸਕਰ ਟੈਸਟ ਵਿਚ 2746 ਦੌੜਾਂ ਦੇ ਨਾਲ ਭਾਰਤੀ ਕ੍ਰਿਕਟਰਾਂ ਦੀ ਸੂਚੀ ਵਿਚ ਅਜੇ ਚੋਟੀ 'ਤੇ ਹਨ। ਉਸ ਤੋਂ ਬਾਅਦ ਰਾਹੁਲ ਦ੍ਰਾਵਿੜ 1978 ਦੌੜਾਂ ਦੇ ਨਾਲ ਦੂਜੇ, ਵੀ. ਵੀ ਐੱਸ. ਲਕਸ਼ਮਣ 1975 ਦੌੜਾਂ ਦੇ ਨਾਲ ਤੀਜੇ ਨੰਬਰ 'ਤੇ ਹਨ। ਵਿੰਡੀਜ਼ ਅਤੇ ਭਾਰਤ ਵਿਚਾਲੇ ਹੁਣ ਤੱਕ 94 ਟੈਸਟ ਮੈਚ ਖੇਡੇ ਜਾ ਚੁੱਕੇ ਹਨ ਜਿਸ ਵਿਚ ਵਿੰਡੀਜ਼ ਨੇ 30, ਭਾਰਤ ਨੇ 28 ਮੈਚ ਜਿੱਤੇ ਜਦਕਿ 46 ਮੈਚ ਡਰਾਅ ਰਹੇ ਹਨ। ਮੌਜੂਦਾ ਸੀਰੀਜ਼ ਵਿਚ ਭਾਰਤ ਅਤੇ ਵਿੰਡੀਜ਼ ਵਿਚਾਲੇ ਪਹਿਲਾ ਮੈਚ ਰਾਜਕੋਟ ਵਿਚ 4 ਅਕਤੂਬਰ ਤੋਂ ਖੇਡਿਆ ਜਾਵੇਗਾ ਅਤੇ ਦੂਜਾ ਮੈਚ 12 ਅਕਤੂਬਰ ਤੋਂ ਹੈਦਰਾਬਾਦ ਵਿਚ ਖੇਡਿਆ ਜਾਵੇਗਾ। ਇਸ ਤੋਂ ਬਾਅਦ 5 ਵਨਡੇ ਅਤੇ 3 ਟੀ-20 ਮੈਚਾਂ ਦੀ ਸੀਰੀਜ਼ ਹੋਣੀ ਹੈ।