ਵਿਰਾਟ ਅਤੇ ਰੋਹਿਤ 'ਚ ਰਹੇਗੀ ਅੱਗੇ ਨਿਕਲਣ ਦੀ ਦੌੜ

08/01/2019 8:17:44 PM

ਨਵੀਂ ਦਿੱਲੀ— ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਉਪ-ਕਪਤਾਨ ਰੋਹਿਤ ਸ਼ਰਮਾ ਨਾਲ ਚਾਹੇ ਆਪਣੇ ਮਤਭੇਦਾਂ ਦੀਆਂ ਖਬਰਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੋਵੇ ਪਰ ਇਨ੍ਹਾਂ ਦੋਵੇਂ ਚੋਟੀ ਦੇ ਬੱਲੇਬਾਜ਼ਾਂ ਵਿਚਾਲੇ ਵੈਸਟਇੰਡੀਜ਼ ਖਿਲਾਫ 3 ਮੈਚਾਂ ਦੀ ਟੀ-20 ਸੀਰੀਜ਼ ਵਿਚ ਅੱਗੇ ਨਿਕਲਣ ਦੀ ਹੋੜ ਰਹੇਗੀ। ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ 3 ਮੈਚਾਂ ਦੀ ਟੀ-20 ਸੀਰੀਜ਼ ਦੇ 2 ਮੈਚ ਅਮਰੀਕਾ ਅਤੇ 1 ਮੈਚ ਵੈਸਟਇੰਡੀਜ਼ ਵਿਚ ਖੇਡੇ ਜਾਣੇ ਹਨ। ਵਿਰਾਟ ਅਤੇ ਰੋਹਿਤ ਵਿਚਾਲੇ ਇਸ ਸੀਰੀਜ਼ ਦੌਰਾਨ ਇਕ-ਦੂਜੇ ਤੋਂ ਅੱਗੇ ਨਿਕਲਣ ਦੀ ਜ਼ਬਰਦਸਤ ਹੋੜ ਰਹੇਗੀ। ਰੋਹਿਤ ਟੀ-20 ਵਿਚ ਇਸ ਸਮੇਂ ਵਿਸ਼ਵ ਦਾ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਹੈ, ਜਦਕਿ ਵਿਰਾਟ ਇਸ ਕ੍ਰਮ ਵਿਚ ਤੀਜੇ ਨੰਬਰ 'ਤੇ ਹੈ।
ਰੋਹਿਤ ਨੇ 94 ਮੈਚਾਂ ਵਿਚ 2331 ਦੌੜਾਂ ਬਣਾਈਆਂ ਹਨ। ਇਨ੍ਹਾਂ ਵਿਚ 4 ਸੈਂਕੜੇ ਅਤੇ 16 ਅਰਧ-ਸੈਂਕੜੇ ਸ਼ਾਮਲ ਹਨ। ਨਿਊਜ਼ੀਲੈਂਡ ਦਾ ਮਾਰਟਿਨ ਗੁਪਟਿਲ 76 ਮੈਚਾਂ ਵਿਚ 2272 ਦੌੜਾਂ ਦੇ ਨਾਲ ਦੂਜੇ ਸਥਾਨ 'ਤੇ ਹੈ। ਵਿਰਾਟ 67 ਮੈਚਾਂ ਵਿਚ 2263 ਦੌੜਾਂ ਨਾਲ ਤੀਜੇ ਨੰਬਰ 'ਤੇ ਹੈ। ਵਿਰਾਟ ਨੇ ਇਸ ਫਾਰਮੇਟ ਵਿਚ ਕੋਈ ਸੈਂਕੜਾ ਨਹੀਂ ਬਣਾਇਆ ਹੈ ਜਦਕਿ ਉਸ ਦੇ ਖਾਤੇ ਵਿਚ 20 ਅਰਧ-ਸੈਂਕੜੇ ਹਨ। 
ਵਿਰਾਟ ਅਤੇ ਰੋਹਿਤ ਵਿਚਾਲੇ ਸਿਰਫ 68 ਦੌੜਾਂ ਦਾ ਫਾਸਲਾ ਹੈ। ਸੀਰੀਜ਼ ਦੌਰਾਨ ਇਹ ਦੋਵੇਂ ਬੱਲੇਬਾਜ਼ ਇਕ-ਦੂਜੇ ਤੋਂ ਅੱਗੇ ਨਿਕਲ ਸਕਦੇ ਹਨ। ਹਾਲ ਹੀ ਵਿਚ ਇਨ੍ਹਾਂ ਦੋਵਾਂ ਵਿਚਾਲੇ ਮਤਭੇਦਾਂ ਦੀਆਂ ਖਬਰਾਂ ਸੁਰਖੀਆਂ ਬਣੀਆਂ ਸਨ ਪਰ ਦੌਰੇ 'ਤੇ ਰਵਾਨਾ ਹੋਣ ਤੋਂ ਪਹਿਲਾਂ ਵਿਰਾਟ ਅਤੇ ਕੋਚ ਰਵੀ ਸ਼ਾਸਤਰੀ ਨੇ ਇਨ੍ਹਾਂ ਖਬਰਾਂ ਨੂੰ ਸਿਰੇ ਤੋਂ ਬਕਵਾਸ ਕਰਾਰ ਦਿੱਤਾ ਸੀ।
ਭਾਰਤ ਦਾ ਵੈਸਟਇੰਡੀਜ਼ 'ਚ ਟੀ-20 ਨੂੰ ਲੈ ਕੇ ਇਹ ਚੌਥਾ ਦੌਰਾ ਹੈ। ਭਾਰਤ ਨੇ 2010-11 ਵਿਚ ਵੈਸਟਇੰਡੀਜ਼ ਦੌਰੇ ਵਿਚ ਇਕੋ-ਇਕ ਟੀ-20 ਮੈਚ ਜਿੱਤਿਆ ਸੀ। ਭਾਰਤ ਨੇ ਸਾਲ 2016 ਵਿਚ ਵਿੰਡੀਜ਼ ਖਿਲਾਫ 2 ਟੀ-20 ਮੈਚਾਂ ਦੀ ਸੀਰੀਜ਼ ਅਮਰੀਕਾ ਵਿਚ ਖੇਡੀ ਸੀ। ਇਸ ਨੂੰ ਵਿੰਡੀਜ਼ ਨੇ 1-0 ਨਾਲ ਜਿੱਤਿਆ ਸੀ। ਭਾਰਤ ਨੇ 2017 ਵਿਚ ਵੈਸਟਇੰਡੀਜ਼ ਵਿਚ ਇਕੋ-ਇਕ ਟੀ-20 ਮੈਚ ਗੁਆਇਆ ਸੀ। ਦੋਵਾਂ ਦੇਸ਼ਾਂ ਵਿਚਾਲੇ ਹੁਣ ਤੱਕ 11 ਟੀ-20 ਮੁਕਾਬਲੇ ਹੋ ਚੁਕੇ ਹਨ। ਦੋਵਾਂ ਦਾ ਫਿਫਟੀ-ਫਿਟਟੀ ਦਾ ਰਿਕਾਰਡ ਹੈ। ਭਾਰਤ ਨੇ 5 ਅਤੇ ਵਿੰਡੀਜ਼ ਨੇ 5 ਮੈਚ ਜਿੱਤੇ ਹਨ ਅਤੇ 1 ਮੈਚ ਵਿਚ ਕੋਈ ਨਤੀਜਾ ਨਹੀਂ ਨਿਕਲਿਆ ਹੈ।


Gurdeep Singh

Content Editor

Related News