ਸੀਰੀਜ਼ ਜਿੱਤਣ ਉਤਰੇਗੀ ਵਿਰਾਟ ਐਂਡ ਕੰਪਨੀ

02/24/2018 12:19:01 AM

ਕੇਪਟਾਊਨ— ਦੱਖਣੀ ਅਫਰੀਕਾ ਦੀ ਧਰਤੀ 'ਤੇ ਪਹਿਲੀ ਵਾਰ ਕੋਈ ਦੋ-ਪੱਖੀ ਸੀਰੀਜ਼ ਜਿੱਤ ਕੇ ਇਤਿਹਾਸ ਰਚਣ ਵਾਲੀ ਭਾਰਤੀ ਕ੍ਰਿਕਟ ਟੀਮ ਸ਼ਨੀਵਾਰ ਨੂੰ ਮੇਜ਼ਬਾਨ ਟੀਮ ਵਿਰੁੱਧ ਹੋਣ ਵਾਲਾ ਤੀਜਾ ਅਤੇ ਫੈਸਲਾਕੁੰਨ ਟੀ-20 ਮੈਚ ਜਿੱਤ ਕੇ ਸੀਰੀਜ਼ ਵੀ ਆਪਣੇ ਨਾਂ ਕਰਨ ਦੇ ਇਰਾਦੇ ਨਾਲ ਮੈਦਾਨ 'ਤੇ ਉਤਰੇਗੀ।
6 ਮੈਚਾਂ ਦੀ ਵਨ ਡੇ ਸੀਰੀਜ਼ ਨੂੰ 5-1 ਨਾਲ ਜਿੱਤਣ ਵਾਲੀ ਭਾਰਤੀ ਕ੍ਰਿਕਟ ਟੀਮ ਨੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੇ ਪਹਿਲੇ ਮੈਚ 'ਚ ਦੱਖਣੀ ਅਫਰੀਕਾ ਨੂੰ 28 ਦੌੜਾਂ ਨਾਲ ਹਰਾ ਕੇ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ ਸੀ, ਹਾਲਾਂਕਿ ਦੱਖਣੀ ਅਫਰੀਕਾ ਨੇ ਦੂਜੇ ਮੈਚ 'ਚ ਸ਼ਾਨਦਾਰ ਵਾਪਸੀ ਕਰਦਿਆਂ ਛੇ ਵਿਕਟਾਂ ਨਾਲ ਜਿੱਤ ਦਰਜ ਕਰ ਕੇ ਸੀਰੀਜ਼ ਵਿਚ 1-1 ਨਾਲ ਬਰਾਬਰੀ ਕਰ ਲਈ ਪਰ ਹੁਣ ਦੋਵੇਂ ਟੀਮਾਂ ਸ਼ਨੀਵਾਰ ਨੂੰ ਹੋਣ ਵਾਲਾ ਆਖਰੀ ਮੈਚ ਜਿੱਤ ਕੇ ਸੀਰੀਜ਼ ਆਪਣੇ ਨਾਂ ਕਰਨਾ ਚਾਹੁਣਗੀਆਂ।
ਭਾਰਤ ਨੇ ਐਤਵਾਰ ਸੀਰੀਜ਼ ਦੇ ਪਹਿਲੇ ਮੈਚ 'ਚ ਸ਼ਿਖਰ ਧਵਨ ਦੀਆਂ 72 ਦੌੜਾਂ ਦੀ ਬਦੌਲਤ 3 ਵਿਕਟਾਂ 'ਤੇ 203 ਦੌੜਾਂ ਦਾ ਵੱਡਾ ਸਕੋਰ ਬਣਾਇਆ ਸੀ ਤੇ ਫਿਰ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਦੀਆਂ 24 ਦੌੜਾਂ 'ਤੇ 5 ਵਿਕਟਾਂ ਦੇ ਦਮ 'ਤੇ ਮੇਜ਼ਬਾਨ ਟੀਮ ਨੂੰ 9 ਵਿਕਟਾਂ 'ਤੇ 175 ਦੌੜਾਂ 'ਤੇ ਰੋਕ ਕੇ 28 ਦੌੜਾਂ ਨਾਲ ਮੈਚ ਜਿੱਤ ਲਿਆ ਸੀ।
ਮਹਿਮਾਨ ਭਾਰਤ ਨੇ ਦੂਜੇ ਮੈਚ ਵਿਚ ਮਨੀਸ਼ ਪਾਂਡੇ (ਅਜੇਤੂ 79) ਤੇ ਮਹਿੰਦਰ ਸਿੰਘ ਧੋਨੀ (ਅਜੇਤੂ 52) ਦੇ ਹਮਲਾਵਰ ਅਰਧ ਸੈਂਕੜਿਆਂ ਦੀ ਮਦਦ ਨਾਲ 4 ਵਿਕਟਾਂ 'ਤੇ 188 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਸੀ, ਜਿਸ ਨੂੰ ਦੱਖਣੀ ਅਫਰੀਕਾ ਨੇ ਵਿਕਟਕੀਪਰ ਹੈਨਰਿਕ ਕਲਾਸੇਨ ਤੇ ਕਪਤਾਨ ਜੇ. ਪੀ. ਡੁਮਿਨੀ ਦੇ ਅਰਧ ਸੈਂਕੜਿਆਂ ਦੀ ਬਦੌਲਤ 8 ਗੇਂਦਾਂ ਬਾਕੀ ਰਹਿੰਦਿਆਂ 4 ਵਿਕਟਾਂ 'ਤੇ 188 ਦੌੜਾਂ ਬਣਾ ਕੇ 6 ਵਿਕਟਾਂ ਨਾਲ ਮੈਚ ਜਿੱਤ ਕੇ ਸੀਰੀਜ਼ 1-1 ਨਾਲ ਬਰਾਬਰ ਕਰ ਲਈ ਸੀ।


Related News