ਵਿਨੋਦ ਕੁਮਾਰ ਦਾ ਡਿਸਕਸ ਥ੍ਰੋਅ 'ਚ ਕਾਂਸੀ ਤਮਗਾ ਰੋਕਿਆ ਗਿਆ, ਜਾਣੋ ਵਜ੍ਹਾ
Sunday, Aug 29, 2021 - 11:16 PM (IST)
ਟੋਕੀਓ- ਪਹਾੜੀ ਤੋਂ ਡਿੱਗਣ ਦੇ ਕਾਰਨ 10 ਸਾਲ ਤੱਕ ਬਿਸਤਰ 'ਤੇ ਰਹਿਣ ਵਾਲੇ ਡਿਸਕਸ ਥ੍ਰੋਅ ਐਥਲੀਟ ਵਿਨੋਦ ਕੁਮਾਰ ਨੇ ਐਤਵਾਰ ਨੂੰ ਇੱਥੇ ਟੋਕੀਓ ਪੈਰਾਲੰਪਿਕ 'ਚ ਏਸ਼ੀਆਈ ਰਿਕਾਰਡ ਦੇ ਨਾਲ ਪੁਰਸ਼ਾਂ ਦੀ ਐੱਫ52 ਮੁਕਾਬਲੇ ਵਿਚ ਕਾਂਸੀ ਤਮਗਾ ਜਿੱਤਿਆ ਪਰ ਉਸਦੇ ਵਿਕਾਰ ਦੇ ਕਲਾਸੀਫਿਕੇਸ਼ਨ 'ਤੇ ਵਿਰੋਧ ਕਾਰਨ ਉਹ ਜਿੱਤ ਦਾ ਜਸ਼ਨ ਨਹੀਂ ਮਨਾ ਸਕੇ। ਬੀ. ਐੱਸ. ਐੱਫ. ਦੇ 41 ਸਾਲਾ ਦੇ ਜਵਾਨ ਨੇ 19.91 ਮੀਟਰ ਦੇ ਸਰਵਸ੍ਰੇਸ਼ਠ ਥ੍ਰੋਅ ਨਾਲ ਤੀਜਾ ਸਥਾਨ ਹਾਸਲ ਕੀਤਾ। ਉਹ ਪੋਲੈਂਡ ਦੇ ਪਿਓਟਰ ਕੋਸੇਵਿਜ (20.02 ਮੀਟਰ) ਤੇ ਕ੍ਰੋਏਸ਼ੀਆ ਦੇ ਵੇਲਿਮੀਟਰ ਸੈਂਡੋਰ (19.98 ਮੀਟਰ) ਦੇ ਪਿੱਛੇ ਰਹੇ, ਜਿਨ੍ਹਾਂ ਨੇ ਕ੍ਰਮਵਾਰ ਸੋਨ ਤੇ ਚਾਂਦੀ ਤਮਗਾ ਆਪਣੇ ਨਾਂ ਕੀਤਾ।
ਇਹ ਖ਼ਬਰ ਪੜ੍ਹੋ- ENG vs IND : ਘਰੇਲੂ ਧਰਤੀ 'ਤੇ ਐਂਡਰਸਨ ਦੇ ਨਾਂ ਦਰਜ ਹੋਇਆ ਇਹ ਵੱਡਾ ਰਿਕਾਰਡ
ਹਾਲਾਂਕਿ ਵਿਰੋਧ ਕਿਸੇ ਹੋਰ ਮੁਕਾਬਲੇ ਵਲੋਂ ਕੀਤਾ ਗਿਆ ਹੈ, ਜਿਸ ਨੇ ਐੱਫ52 ਦੇ ਉਸਦੇ ਕਲਾਸੀਫਿਕੇਸ਼ਨ 'ਤੇ ਇਤਰਾਜ ਕੀਤਾ ਹੈ। ਵਿਰੋਧ ਦਾ ਆਧਾਰ ਅਜੇ ਸਪੱਸ਼ਟ ਨਹੀਂ ਹੈ ਕਿਉਂਕਿ ਕਲਾਸੀਫਿਕੇਸ਼ਨ ਦੀ ਪ੍ਰਕਿਰਿਆ 22 ਅਗਸਤ ਨੂੰ ਪੂਰੀ ਹੋਈ ਸੀ। ਐੱਫ52 ਮੁਕਾਬਲੇ ਵਿਚ ਉਹ ਐਥਲੀਟ ਹਿੱਸਾ ਲੈਂਦੇ ਹਨ, ਜਿਨ੍ਹਾਂ ਦੀਆਂ ਮਾਸਪੇਸ਼ੀਆਂ 'ਚ ਕਮਜ਼ੋਰੀ ਹੁੰਦੀ ਹੈ ਅਤੇ ਉਨ੍ਹਾਂ ਦੇ ਮੂਵਮੈਂਟ ਸੀਮਿਤ ਹੁੰਦੇ ਹਨ, ਹੱਥਾਂ ਵਿਚ ਵਿਕਾਰ ਹੁੰਦਾ ਹੈ ਜਾਂ ਪੈਰ ਦੀ ਲੰਬਾਈ ਵਿਚ ਅੰਤਰ ਹੁੰਦਾ ਹੈ। ਜਿਸ ਕਾਰਨ ਖਿਡਾਰੀ ਬੈਠ ਕੇ ਮੁਕਾਬਲੇ ਵਿਚ ਹਿੱਸਾ ਲੈਂਦੇ ਹਨ। ਰੀੜ ਦੀ ਹੱਡੀ ਵਿਚ ਸੱਟ ਵਾਲੇ ਜਾਂ ਅਜਿਹੇ ਖਿਡਾਰੀ ਜਿਨ੍ਹਾਂ ਦਾ ਕੋਈ ਅੱਗ ਕੱਟਿਆ ਹੋਵੇ, ਉਹ ਵੀ ਇਸ ਵਰਗ ਵਿਚ ਹਿੱਸਾ ਲੈਂਦੇ ਹਨ।
ਇਹ ਖ਼ਬਰ ਪੜ੍ਹੋ- ENG v IND: ਜਡੇਜਾ ਦੇ ਲੱਗੀ ਸੱਟ, ਅਗਲੇ ਮੈਚ ਤੋਂ ਹੋ ਸਕਦੇ ਹਨ ਬਾਹਰ !
ਖੇਡਾਂ ਦੇ ਆਯੋਜਕਾਂ ਦੇ ਇਕ ਬਿਆਨ ਦੇ ਅਨੁਸਾਰ- ਪ੍ਰਤੀਯੋਗਿਤਾ ਵਿਚ ਕਲਾਸੀਫਿਕੇਸ਼ਨ ਟੈਸਟ ਦੇ ਕਾਰਨ ਇਸ ਮੁਕਾਬਲੇ ਦਾ ਨਤੀਜਾ ਅਜੇ ਸਮੀਖਿਆ ਦੇ ਅਧੀਨ ਹੈ। ਤਮਗਾ ਸਮਾਰੋਹ ਵੀ 30 ਅਗਸਤ ਦੀ ਸ਼ਾਮ ਦੇ ਸੈਸ਼ਨ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਪੈਰਾ ਖਿਡਾਰੀਆਂ ਨੂੰ ਉਨ੍ਹਾਂ ਦੇ ਵਿਕਾਰ ਦੇ ਆਧਾਰ 'ਤੇ ਵਰਗ ਵਿਚ ਰੱਖਿਆ ਜਾਂਦਾ ਹੈ। ਕਲਾਸੀਫਿਕੇਸ਼ਨ ਪ੍ਰਣਾਲੀ ਵਿਚ ਉਨ੍ਹਾਂ ਖਿਡਾਰੀਆਂ ਨੂੰ ਮੁਕਾਬਲੇ ਕਰਨ ਦੀ ਆਗਿਆ ਮਿਲਦੀ ਹੈ, ਜਿਨ੍ਹਾਂ ਦਾ ਵਿਕਾਰ ਇਕ ਤਰ੍ਹਾਂ ਦਾ ਹੁੰਦਾ ਹੈ। ਹਰਿਆਣਾ ਦੇ ਇਸ ਖਿਡਾਰੀ ਦਾ ਇਨ੍ਹਾਂ ਖੇਡਾਂ ਵਿਚ ਮੁਕਾਬਲੇ ਕਰਦੇ ਹੋਏ ਇਹ ਪ੍ਰਦਰਸ਼ਨ ਏਸ਼ੀਆਈ ਰਿਕਾਰਡ ਹੈ, ਜਿਸ ਨਾਲ ਭਾਰਤ ਨੂੰ ਮੌਜੂਦਾ ਪੜਾਅ ਵਿਚ ਤੀਜਾ ਤਮਗਾ ਵੀ ਮਿਲਿਆ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।