ਵਿਨੇਸ਼ ਅਤੇ ਸਾਕਸ਼ੀ ਨੇ ਪ੍ਰਧਾਨ ਮੰਤਰੀ ਨੂੰ ਬ੍ਰਿਜਭੂਸ਼ਣ ਵਰਗੇ ਲੋਕਾਂ ਨੂੰ ਬਾਹਰ ਕੱਢਣ ਦੀ ਕੀਤੀ ਅਪੀਲ
Wednesday, Mar 20, 2024 - 12:23 PM (IST)
ਨਵੀਂ ਦਿੱਲੀ, (ਭਾਸ਼ਾ)- ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਅਤੇ ਸਾਕਸ਼ੀ ਮਲਿਕ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬ੍ਰਿਜਭੂਸ਼ਣ ਸ਼ਰਨ ਸਿੰਘ ਵਰਗੇ ਲੋਕਾਂ ਨੂੰ ਖੇਡਾਂ ਤੋਂ ਬਾਹਰ ਕਰਨ ਦੀ ਅਪੀਲ ਕਰਦੇ ਹੋਏ ਭਾਰਤੀ ਕੁਸ਼ਤੀ ਮਹਾਸੰਘ (ਡਬਲਯੂ. ਐਫ. ਆਈ.) ਨੂੰ ਪ੍ਰਸ਼ਾਸਨਿਕ ਅਧਿਕਾਰ ਸੌਂਪਣ ਲਈ ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਦੀ ਸਖਤ ਨਿੰਦਾ ਕੀਤੀ। ਇਨ੍ਹਾਂ ਦੋਵਾਂ ਪਹਿਲਵਾਨਾਂ ਨੇ ਸੋਸ਼ਲ ਮੀਡੀਆ ਮੰਚ ਐਕਸ 'ਤੇ ਆਪਣੀ ਪੋਸਟ 'ਚ ਸਖਤ ਸ਼ਬਦਾਂ ਦੀ ਵਰਤੋਂ ਕੀਤੀ ਅਤੇ ਪ੍ਰਧਾਨ ਮੰਤਰੀ ਨੂੰ ਇਸ ਮਾਮਲੇ 'ਚ ਦਖਲ ਦੇਣ ਦੀ ਅਪੀਲ ਕੀਤੀ ਹੈ। ਇਹ ਦੋਵੇਂ ਉਨ੍ਹਾਂ ਪ੍ਰਦਰਸ਼ਨਕਾਰੀ ਪਹਿਲਵਾਨਾਂ 'ਚ ਸ਼ਾਮਲ ਸੀ, ਜਿਨ੍ਹਾਂ ਨੇ ਬ੍ਰਿਜਭੂਸ਼ਣ 'ਤੇ ਮਹਿਲਾ ਪਹਿਲਵਾਨਾਂ ਦਾ ਸੈਕਸ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਸੀ।
ਅਗਲੇ ਮਹੀਨੇ 50 ਕਿਲੋਗ੍ਰਾਮ ਭਾਰ ਵਰਗ 'च ਓਲੰਪਿਕ ਕੁਆਲੀਫਾਇਰ 'ਚ ਹਿੱਸਾ ਲੈਣ ਦੀ ਤਿਆਰੀ ਕਰ ਰਹੀ ਫੋਗਾਟ ਨੇ ਐਕਸ 'ਤੇ ਪੋਸਟ ਪਾ ਕੇ ਕਿਹਾ, 'ਪ੍ਰਧਾਨ ਮੰਤਰੀ ਇਕ ਸਪਿਨ ਮਾਸਟਰ ਹਨ, ਜੋ ਆਪਣੇ ਵਿਰੋਧੀਆਂ ਦੇ ਭਾਸ਼ਣਾਂ ਦਾ ਮੁਕਾਬਲਾ ਕਰਨ ਲਈ 'ਮਹਿਲਾ ਸ਼ਕਤੀ' ਦਾ ਨਾਂ ਲੈ ਕੇ ਗੱਲ ਨੂੰ ਘੁੰਮਾਉਣਾ ਜਾਣਦੇ ਹਨ। ਨਰਿੰਦਰ ਮੋਦੀ ਜੀ, ਆਓ ਨਾਰੀ ਸ਼ਕਤੀ ਦੀ ਅਸਲ ਸੱਚਾਈ ਜਾਣ ਲਵੋ। ਏਸ਼ੀਅਨ ਖੇਡਾਂ ਦੀ ਸੋਨ ਤਮਗਾ ਜੇਤੂ ਨੇ ਅੱਗੇ ਲਿਖਿਆ, 'ਮਹਿਲਾ ਪਹਿਲਵਾਨਾਂ ਦਾ ਸ਼ੋਸ਼ਣ ਕਰਨ ਵਾਲਾ ਬਿਜਭੂਸ਼ਣ ਨੇ ਫਿਰ ਤੋਂ ਕੁਸ਼ਤੀ 'ਤੇ ਕਾਬਜ਼ ਹੋ ਗਿਆ ਹੈ। ਉਮੀਦ ਹੈ ਕਿ ਤੁਸੀਂ ਔਰਤਾਂ ਨੂੰ ਸਿਰਫ਼ ਢਾਲ ਬਣਾ ਕੇ ਹੀ ਨਹੀਂ ਵਰਤੋਗੇ, ਸਗੋਂ ਦੇਸ਼ ਦੀਆਂ ਖੇਡ ਸੰਸਥਾਵਾਂ ਵਿਚੋਂ ਅਜਿਹੇ ਜ਼ੁਲਮੀਆਂ ਨੂੰ ਬਾਹਰ ਕੱਢਣ ਲਈ ਵੀ ਕੁਝ ਕਰੋਗੇ।