ਵਿਨੇ ਕੁਮਾਰ ਨੇ ਪਹਿਲੀ ਸ਼੍ਰੇਣੀ ਤੇ ਕੌਮਾਂਤਰੀ ਕ੍ਰਿਕਟ ਤੋਂ ਲਿਆ ਸੰਨਿਆਸ
Saturday, Feb 27, 2021 - 01:20 AM (IST)
![ਵਿਨੇ ਕੁਮਾਰ ਨੇ ਪਹਿਲੀ ਸ਼੍ਰੇਣੀ ਤੇ ਕੌਮਾਂਤਰੀ ਕ੍ਰਿਕਟ ਤੋਂ ਲਿਆ ਸੰਨਿਆਸ](https://static.jagbani.com/multimedia/2021_2image_01_20_119857063vinay1.jpg)
ਬੈਂਗਲੁਰੂ– ਭਾਰਤੀ ਤੇਜ਼ ਗੇਂਦਬਾਜ਼ ਆਰ. ਵਿਨੇ ਕੁਮਾਰ ਨੇ ਪਹਿਲੀ ਸ਼੍ਰੇਣੀ ਤੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਵਿਨੇ ਨੇ ਸ਼ੁੱਕਰਵਾਰ ਨੂੰ ਆਪਣੇ 16 ਸਾਲ ਦੇ ਪਹਿਲੀ ਸ਼੍ਰੇਣੀ ਕਰੀਅਰ ਨੂੰ ਖਤਮ ਕਰਨ ਦਾ ਐਲਾਨ ਕੀਤਾ, ਜਿਸ ਨੇ ਉਸ ਨੂੰ ਧਾਕੜ ਰਾਸ਼ਟਰੀ ਖਿਡਾਰੀ ਬਣਾਇਆ ਸੀ।
ਇਹ ਖ਼ਬਰ ਪੜ੍ਹੋ- ਅਹਿਮਦਾਬਾਦ ਦਾ ਟੈਸਟ ਮੈਚ 1935 ਤੋਂ ਬਾਅਦ ਦਾ ਸਭ ਤੋਂ ਛੋਟਾ ਟੈਸਟ ਮੈਚ
ਵਿਨੇ ਨੇ ਆਪਣਾ ਪਹਿਲੀ ਸ਼੍ਰੇਣੀ ਕਰੀਅਰ 139 ਮੈਚਾਂ ਵਿਚ 504 ਵਿਕਟਾਂ ਨਾਲ ਖਤਮ ਕੀਤਾ, ਜਿਸ ਵਿਚ 442 ਵਿਕਟਾਂ ਰਣਜੀ ਟਰਾਫੀ ਵਿਚ ਆਈਆਂ, ਜਿਹੜਾ ਰਾਜਿੰਦਰ ਗੋਇਲ (637), ਐੱਮ. ਵੈਂਕਟਰਾਘਵਨ (530) ਤੇ ਕਰਨਾਟਕ ਦੇ ਉਪ ਕਪਤਾਨ ਸੁਨੀਲ ਜੋਸ਼ੀ (479) ਤੋਂ ਬਾਅਦ ਤੇਜ਼ ਗੇਂਦਬਾਜ਼ਾਂ ਵਿਚ ਸਭ ਤੋਂ ਵੱਧ ਤੇ ਓਵਰਆਲ ਚੌਥੇ ਨੰਬਰ ’ਤੇ ਹੈ।
ਇਹ ਖ਼ਬਰ ਪੜ੍ਹੋ- IPL ਲਈ 4-5 ਸਥਾਨਾਂ ’ਤੇ ਵਿਚਾਰ ਕਰ ਰਿਹੈ BCCI
ਆਪਣੀ ਬਿਹਤਰੀਨ ਤੇਜ਼ ਗੇਂਦਬਾਜ਼ੀ ਦੀ ਬਦੌਲਤ ਵਿਨੇ ਨੇ 2011-12 ਵਿਚ ਆਸਟਰੇਲੀਆ ਦੌਰੇ ’ਤੇ ਪਰਥ ਦੇ ਮੈਦਾਨ ’ਤੇ ਆਪਣਾ ਟੈਸਟ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਸ ਨੇ 31 ਵਨ ਡੇ ਤੇ 9 ਟੀ-20 ਮੈਚ ਖੇਡੇ, ਜਿਨ੍ਹਾਂ ਵਿਚ ਉਸ ਨੇ ਕ੍ਰਮਵਾਰ 38 ਤੇ 10 ਵਿਕਟਾਂ ਲਈਆਂ। 2013 ਤੋਂ 2015 ਤਕ ਵਿਜੇ ਹਜ਼ਾਰੇ, ਰਣਜੀ ਟਰਾਫੀ ਤੇ ਇਰਾਨੀ ਕੱਪ ਵਿਚ ਕਰਨਾਟਕ ਦੀ ਕਪਤਾਨੀ ਕਰਨਾ ਵਿਨੇ ਦੇ ਕਰੀਅਰ ਦੇ ਸਭ ਤੋਂ ਚੰਗੇ ਸਾਲ ਰਹੇ। ਵਿਨੇ ਨੇ ਪੁਡੂਚੇਰੀ ਲਈ ਇਕ ਸੈਸ਼ਨ ਖੇਡਣ ਤੋਂ ਬਾਅਦ ਸੰਨਿਆਸ ਲੈਣ ਤੋਂ ਪਹਿਲਾਂ ਕਰਨਾਟਕ ਲਈ ਸਭ ਤੋਂ ਵੱਧ ਕ੍ਰਿਕਟ ਖੇਡੀ। ਵਿਨੇ ਨੇ ਇਕ ਬਿਆਨ ਵਿਚ ਸੰਪਰਕ ਵਿਚ ਬਣੇ ਰਹਿਣ ਤੇ ਕ੍ਰਿਕਟ ਨੂੰ ਆਪਣਾ ਯੋਗਦਾਨ ਦਿੰਦੇ ਰਹਿਣ ਦੀ ਉਮੀਦ ਜਤਾਈ ਹੈ।
ਵਿਨੇ ਨੇ ਆਪਣੇ ਪਹਿਲੀ ਸ਼੍ਰੇਣੀ ਕਰੀਅਰ ਦੇ ਬਾਰੇ ਵਿਚ ਕਿਹਾ,‘‘ਰਣਜੀ ਟਰਾਫੀ ਨੂੰ ਵਾਪਸ ਜਿੱਤਣਾ ਮੇਰੇ ਕਰੀਅਰ ਦਾ ਸਭ ਤੋਂ ਮਾਣਮੱਤਾ ਪਲ ਸੀ। 2013-14 ਵਿਚ ਕਰਨਾਟਕ ਨੇ 14 ਸਾਲ ਬਾਅਦ ਰਣਜੀ ਟਰਾਫੀ ਜਿੱਤੀ ਸੀ। ਅਸੀਂ 2009-10 ਵਿਚ ਫਾਈਨਲ ਵਿਚ ਪਹੁੰਚੇ ਪਰ ਮੁੰਬਈ ਤੋਂ ਸਿਰਫ 6 ਦੌੜਾਂ ਨਾਲ ਹਾਰ ਗਏ। ਅਸੀਂ ਇਰਾਨੀ ਤੇ ਵਿਜੇ ਹਜ਼ਾਰੇ ਟਰਾਫੀ ਵੀ ਜਿੱਤੀ ਤੇ ਅਗਲੇ ਸਾਲ ਜਿੱਤ ਨੂੰ ਦੁਹਰਾਉਣਾ ਸੋਨੇ ’ਤੇ ਸੁਹਾਗਾ ਸੀ।’’
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।