ਵਿਕਾਸ ਅਤੇ ਪਰਮਜੀਤ ਨੇ ਓਲੰਪਿਕ ਅਤੇ ਵਿਸ਼ਵ ਚੈਂਪੀਅਨਸ਼ਿਪ ਲਈ ਕੀਤਾ ਕੁਆਲੀਫਾਈ

03/19/2023 7:36:52 PM

ਨੋਮੀ (ਜਾਪਾਨ) : ਭਾਰਤ ਦੇ 20 ਕਿਲੋਮੀਟਰ ਪੈਦਲ ਚਾਲ ਦੇ ਐਥਲੀਟ ਵਿਕਾਸ ਸਿੰਘ ਅਤੇ ਪਰਮਜੀਤ ਸਿੰਘ ਬਿਸ਼ਟ ਨੇ ਐਤਵਾਰ ਨੂੰ ਇੱਥੇ ਏਸ਼ੀਆਈ ਚੈਂਪੀਅਨਸ਼ਿਪ ਵਿੱਚ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ 'ਤੇ ਰਹਿ ਕੇ 2024 ਪੈਰਿਸ ਓਲੰਪਿਕ ਅਤੇ 2023 ਵਿਸ਼ਵ ਚੈਂਪੀਅਨਸ਼ਿਪ ਲਈ ਕੁਆਲੀਫਾਈ ਕੀਤਾ। ਵਿਕਾਸ ਅਤੇ ਪਰਮਜੀਤ ਨੇ ਏਸ਼ੀਆਈ 20 ਕਿਲੋਮੀਟਰ ਪੈਦਲ ਚਾਲ ਚੈਂਪੀਅਨਸ਼ਿਪ ਦੇ ਪੁਰਸ਼ ਵਰਗ 'ਚ ਕ੍ਰਮਵਾਰ 1:20:05 ਸਕਿੰਟ (1 ਘੰਟਾ 20 ਮਿੰਟ, 5 ਸਕਿੰਟ) ਅਤੇ 1:20:08 ਸਕਿੰਟ ਦੇ ਨਾਲ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਚੀਨ ਦੇ ਕਿਆਨ ਹਾਈਫੇਂਗ (1:19:09) ਨੇ ਪਹਿਲਾ ਸਥਾਨ ਹਾਸਲ ਕੀਤਾ।

ਪੈਰਿਸ ਵਿੱਚ ਹੋਣ ਵਾਲੀਆਂ 2024 ਓਲੰਪਿਕ ਖੇਡਾਂ ਅਤੇ ਇਸ ਸਾਲ ਅਗਸਤ ਵਿੱਚ ਹੰਗਰੀ ਦੇ ਬੁਡਾਪੇਸਟ ਵਿੱਚ ਹੋਣ ਵਾਲੀ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਲਈ ਕੁਆਲੀਫਾਇੰਗ ਮਾਰਕ 1:20:10 ਹੈ ਅਤੇ ਦੋਵੇਂ ਭਾਰਤੀ ਖਿਡਾਰੀਆਂ ਨੇ ਇਸ ਨੂੰ ਘੱਟ ਫਰਕ ਨਾਲ ਹਾਸਲ ਕੀਤਾ ਹੈ। ਅਕਸ਼ਦੀਪ ਸਿੰਘ, ਜਿਸ ਨੇ ਪਿਛਲੇ ਮਹੀਨੇ ਰਾਸ਼ਟਰੀ ਚੈਂਪੀਅਨਸ਼ਿਪ ਜਿੱਤ ਕੇ ਓਲੰਪਿਕ ਅਤੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਲਈ ਕੁਆਲੀਫਾਈ ਕੀਤਾ ਸੀ, 1:20:57 ਦਾ ਸਮਾਂ ਕੱਢਿਆ ਤੇ ਪੰਜਵੇਂ ਸਥਾਨ 'ਤੇ ਰਿਹਾ।

ਇਹ ਵੀ ਪੜ੍ਹੋ : AUS vs IND 2nd ODI : ਆਸਟ੍ਰੇਲੀਆ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾਇਆ

ਪ੍ਰਤੀਯੋਗਿਤਾ ਦੇ ਨਿਯਮਾਂ ਦੇ ਅਨੁਸਾਰ, ਕੋਈ ਦੇਸ਼ ਅਧਿਕਾਰਤ ਐਂਟਰੀਆਂ ਤੋਂ ਇਲਾਵਾ ਓਪਨ ਸ਼੍ਰੇਣੀ ਦੇ ਖਿਡਾਰੀਆਂ ਨੂੰ ਭੇਜ ਸਕਦਾ ਹੈ, ਪਰ ਉਨ੍ਹਾਂ ਦੇ ਪ੍ਰਦਰਸ਼ਨ ਨੂੰ ਅਧਿਕਾਰਤ ਨਹੀਂ ਮੰਨਿਆ ਜਾਵੇਗਾ। ਭਾਰਤ ਨੇ ਓਪਨ ਵਰਗ ਵਿੱਚ ਚਾਰ ਪੁਰਸ਼ ਅਤੇ ਤਿੰਨ ਮਹਿਲਾ ਖਿਡਾਰੀਆਂ ਨੂੰ ਭੇਜਿਆ ਸੀ। ਪੁਰਸ਼ ਵਰਗ ਵਿੱਚ ਦੋ ਹੋਰ ਭਾਰਤੀਆਂ ਸੂਰਜ ਪੰਵਾਰ ਅਤੇ ਹਰਦੀਪ ਨੇ ਕ੍ਰਮਵਾਰ 1:22:31 ਅਤੇ 1:25:38 ਦਾ ਸਮਾਂ ਕੱਢਿਆ।

ਮਹਿਲਾ ਵਰਗ ਵਿੱਚ, ਪ੍ਰਿਅੰਕਾ ਗੋਸਵਾਮੀ, ਜਿਸ ਨੇ ਪਿਛਲੇ ਮਹੀਨੇ ਰਾਸ਼ਟਰੀ ਚੈਂਪੀਅਨਸ਼ਿਪ ਜਿੱਤ ਕੇ ਓਲੰਪਿਕ ਅਤੇ ਵਿਸ਼ਵ ਚੈਂਪੀਅਨਸ਼ਿਪ ਲਈ ਕੁਆਲੀਫਾਈ ਕੀਤਾ ਸੀ, ਨੇ ਔਰਤਾਂ ਲਈ ਅਧਿਕਾਰਤ ਐਂਟਰੀ ਸ਼੍ਰੇਣੀ ਵਿੱਚ 1:32:27 ਦਾ ਸਮਾਂ ਕੱਢਿਆ। ਉਹ ਕੁੱਲ ਮਿਲਾ ਕੇ ਚੌਥੇ ਸਥਾਨ 'ਤੇ ਰਹੀ। ਓਪਨ ਵਰਗ ਵਿੱਚ ਭਾਰਤ ਦੀ ਮੁਨੀਤਾ ਪਜਾਪਤੀ ਅਤੇ ਭਾਵਨਾ ਜਾਟ ਨੇ ਕ੍ਰਮਵਾਰ 1:33:22 ਅਤੇ 1:36:20 ਦਾ ਸਮਾਂ ਕੱਢਿਆ ਤੇ ਉਹ ਓਲੰਪਿਕ ਅਤੇ ਵਿਸ਼ਵ ਚੈਂਪੀਅਨਸ਼ਿਪ ਦੇ ਕੁਆਲੀਫਾਇੰਗ ਮਾਰਕ 1:29:20 ਤੋਂ ਵੱਡੇ ਫਰਕ ਨਾਲ ਖੁੰਝ ਗਈਆਂ। ਇਸ ਤਰ੍ਹਾਂ ਭਾਰਤ ਦੇ ਚਾਰ ਐਥਲੀਟ ਹੁਣ ਤੱਕ ਓਲੰਪਿਕ ਅਤੇ ਵਿਸ਼ਵ ਚੈਂਪੀਅਨਸ਼ਿਪ ਲਈ ਕੁਆਲੀਫਾਈ ਕਰ ਚੁੱਕੇ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News