ਮੈਮਤਅਲੀ ਨਾਲ ਭਿੜਨ ਲਈ ਨਹੀਂ ਕੀਤੀ ਕੋਈ ਖਾਸ ਤਿਆਰੀ : ਵਜਿੰਦਰ

07/13/2017 4:24:05 PM

ਨਵੀਂ ਦਿੱਲੀ— ਭਾਰਤ ਦੇ ਸਟਾਰ ਮੁੱਕੇਬਾਜ਼ ਵਜਿੰਦਰ ਸਿੰਘ ਨੂੰ ਸਾਲ ਦੇ ਪਹਿਲੇ ਮੁਕਾਬਲੇ 'ਚ ਦੂਜਾ ਖਿਤਾਬ ਮਿਲ ਸਕਦਾ ਹੈ ਪਰ ਵਜਿੰਦਰ ਨੇ ਕਿਹਾ ਕਿ ਤਕਨੀਕ 'ਚ ਕੁੱਝ ਹਲਕੇ ਸੁਧਾਰਾਂ ਤੋਂ ਇਲਾਵਾ ਉਹ ਚੀਨ ਦੇ ਜੁਲਫੀਕਾਰ ਮੈਮਤਅਲੀ ਖਿਲਾਫ ਅਗਲੇ ਮਹੀਨੇ ਹੋਣ ਵਾਲੇ ਮੁਕਾਬਲੇ ਲਈ ਕੋਈ ਖਾਸ ਤਿਆਰੀ ਨਹੀਂ ਕਰ ਰਿਹਾ ਹੈ। ਮੌਜੂਦਾ ਡਬਲਯੂ. ਬੀ. ਓ. ਏਸ਼ੀਆ ਪੈਸੇਫਿਕ ਸੁਪਰ ਮਿਡਲਵੇਟ ਚੈਂਪੀਅਨ ਦਾ ਸਾਹਮਣਾ ਡਬਲਯੂ. ਬੀ. ਓ. ਓਰੀਏਂਟਲ ਸੁਪਰ ਮਿਡਲਵੇਟ ਖਿਤਾਬ ਧਾਰਕ ਮੈਮਤਅਲੀ ਨਾਲ ਹੋਵੇਗਾ। 5 ਅਗਸਤ ਨੂੰ ਮੁੰਬਈ 'ਚ ਹੋਣ ਵਾਲੇ ਇਸ ਮੁਕਾਬਲੇ ਦੇ ਜੇਤੂ ਨੂੰ ਇਹ ਦੋਵੇਂ ਖਿਤਾਬ ਮਿਲਣਗੇ।
ਵਜਿੰਦਰ ਨੇ ਪਿਛਲੇ ਸਾਲ ਦਸੰਬਰ 'ਚ ਫ੍ਰਾਂਸਿਸ ਚੇਕਾ ਖਿਲਾਫ ਆਪਣੇ ਖਿਤਾਬ ਦਾ ਸਫਲ ਬਚਾਅ ਕਰਨ ਤੋਂ ਬਾਅਦ ਕੋਈ ਮੁਕਾਬਲਾ ਨਹੀਂ ਲੜਿਆ ਹੈ। ਇਸ ਤਰ੍ਹਾਂ ਉਹ ਇਸ ਸਾਲ ਦਾ ਪਹਿਲਾ ਮੁਕਾਬਲਾ ਉਦੋਂ ਲੜੇਗਾ, ਜਦੋਂ 7 ਮਹੀਨੇ ਲੰਘ ਚੁੱਕੇ ਹੋਣਗੇ ਪਰ ਇਹ 31 ਸਾਲਾ ਮੁੱਕੇਬਾਜ਼ ਇਸ ਤੋਂ ਚਿੰਤਤ ਨਹੀਂ ਹੈ। ਮੈਨਚੇਸਟਰ 'ਚ ਆਪਣੇ ਟ੍ਰੇਨਰ ਲੀ ਬੀਅਰਡ ਦੇ ਨਾਲ ਅਭਿਆਸ ਕਰ ਰਹੇ ਵਜਿੰਦਰ ਨੇ ਕਿਹਾ ਕਿ ਇਹ ਮੇਰੇ ਹੱਥਾਂ 'ਚ ਨਹੀਂ ਹੈ। 
ਉਸ ਨੇ ਕਿਹਾ ਕਿ ਮੈਂ ਅਪ੍ਰੈਲ 'ਚ ਮੁਕਾਬਲਾ ਲੜਨਾ ਸੀ ਪਰ ਉਸ ਸਮੇਂ ਮੇਰਾ ਵਿਰੋਧੀ ਜ਼ਖਮੀ ਹੋ ਗਿਆ ਸੀ। ਮੈਮਤਅਲੀ ਨੇ ਮੈਨੂੰ ਮਈ ਦੇ ਮੁਕਾਬਲੇ ਲਈ ਚੁਣੌਤੀ ਦਿੱਤੀ ਸੀ ਪਰ ਉਹ ਆਪਣੇ ਕੁੱਝ ਕਾਰਨਾ ਤੋਂ ਬਾਹਰ ਹੋ ਗਿਆ। ਉਸ ਨੇ ਫਿਰ ਤੋਂ ਚੁਣੌਤੀ ਦਿੱਤੀ ਹੈ ਅਤੇ ਮੈਂ 5 ਅਗਸਤ ਨੂੰ ਉਸ ਨਾਲ ਮੁਕਾਬਲਾ ਕਰਾਂਗਾ। ਬਿਜਿੰਗ ਓਲੰਪਿਕ ਦੇ ਕਾਂਸੀ ਤਮਗਾ ਜੇਤੂ ਨੇ ਕਿਹਾ ਕਿ ਮੇਰਾ ਕੰਮ ਜਦੋਂ ਵੀ ਮੁਕਾਬਲਾ ਹੋਵੇ ਤਾਂ ਉਥੇ ਬਿਹਤਰ ਪ੍ਰਦਰਸ਼ਨ ਕਰਨਾ ਹੈ ਅਤੇ ਮੈਂ 5 ਅਗਸਤ ਨੂੰ ਮੁਕਾਬਲੇ 'ਚ ਉਤਰਾਂਗਾ।


Related News