ਵਿਹਾਰੀ ਨੇ ਖੇਡੀ ਦੂਜੀ ਸਭ ਤੋਂ ਹੌਲੀ ਪਾਰੀ, 100 ਗੇਂਦਾਂ ’ਤੇ ਬਣਾਈਆਂ 6 ਦੌੜਾਂ

Tuesday, Jan 12, 2021 - 12:11 AM (IST)

ਵਿਹਾਰੀ ਨੇ ਖੇਡੀ ਦੂਜੀ ਸਭ ਤੋਂ ਹੌਲੀ ਪਾਰੀ, 100 ਗੇਂਦਾਂ ’ਤੇ ਬਣਾਈਆਂ 6 ਦੌੜਾਂ

ਸਿਡਨੀ- ਆਸਟਰੇਲੀਆ ਵਿਰੁੱਧ ਸਿਡਨੀ ਕ੍ਰਿਕਟ ਗਰਾਉਂਡ ’ਚ ਖੇਡੇ ਗਏ ਤੀਜੇ ਟੈਸਟ ਮੈਚ ’ਚ ਹਨੁਮਾ ਵਿਹਾਰੀ ਅਤੇ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਦੀ ਹੌਲੀ ਬੱਲੇਬਾਜ਼ੀ ਦੇ ਕਾਰਨ ਭਾਰਤ ਮੈਚ ਡਰਾਅ ਕਰਨ ’ਚ ਕਾਮਯਾਬ ਰਿਹਾ। ਇਸ ਦੇ ਨਾਲ ਹੀ ਵਿਹਾਰੀ ਦੀ ਹੌਲੀ ਬੱਲੇਬਾਜ਼ੀ ਕਾਰਨ ਉਸਦੇ ਨਾਂ ਵੱਡਾ ਰਿਕਾਰਡ ਦਰਜ ਹੋ ਗਿਆ ਹੈ। ਵਿਹਾਰੀ ਸਭ ਤੋਂ ਹੌਲੀ ਪਾਰੀ ਖੇਡਣ ਵਾਲੇ ਦੂਜੇ ਬੱਲੇਬਾਜ਼ ਬਣ ਗਏ ਹਨ। ਸਿਡਨੀ ਟੈਸਟ ’ਚ 5ਵੇਂ ਅਤੇ ਆਖਰੀ ਦਿਨ ਰਿਸ਼ਭ ਪੰਤ ਦੇ ਆਊਟ ਹੋਣ ਤੋਂ ਬਾਅਦ ਵਿਹਾਰੀ ਦੀ ਮੈਦਾਨ ’ਚ ਐਂਟਰੀ ਹੋਈ ਅਤੇ 100 ਗੇਂਦਾਂ ’ਤੇ 6 ਦੌੜਾਂ ਬਣਾ ਕੇ ਸਭ ਤੋਂ ਹੌਲੀ ਪਾਰੀ ਖੇਡਣ ਵਾਲੇ ਦੂਜੇ ਖਿਡਾਰੀ ਬਣ ਗਏ ਹਨ। ਇਸ ਮਾਮਲੇ ’ਚ ਪਹਿਲਾ ਨਾਂ ਇੰਗਲੈਂਡ ਦੇ ਜਾਨ ਮਰੇ ਦਾ ਆਉਂਦਾ ਹੈ, ਜਿਸ ਨੇ 100 ਗੇਂਦਾਂ ’ਚ ਸਿਰਫ 3 ਦੌੜਾਂ ਬਣਾਈਆਂ ਸਨ। ਖਾਸ ਗੱਲ ਇਹ ਹੈ ਕਿ ਮਰੇ ਨੇ 1963 ’ਚ ਆਸਟਰੇਲੀਆ ਦੇ ਵਿਰੁੱਧ ਇਸੇ ਗਰਾਉਂਡ ’ਚ ਸਭ ਤੋਂ ਹੌਲੀ ਪਾਰੀ ਖੇਡੀ ਸੀ।
ਜ਼ਿਕਰਯੋਗ ਹੈ ਕਿ ਭਾਰਤ ਨੇ ਆਸਟਰੇਲੀਆ ਤੋਂ ਮਿਲੇ 407 ਦੌੜਾਂ ਦੇ ਟੀਚੇ ਦੇ ਜਵਾਬ ’ਚ 5ਵੇਂ ਦਿਨ 98/2 ਸਕੋਰ ਦੇ ਨਾਲ ਸ਼ੁਰੂਆਤ ਕੀਤੀ। ਕਪਤਾਨ ਅਜਿੰਕਯ ਰਹਾਣੇ, ਰਿਸ਼ਭ ਪੰਤ ਅਤੇ ਚੇਤੇਸ਼ਵਰ ਪੁਜਾਰਾ ਦੇ ਆਊਟ ਹੋਣ ਤੋਂ ਬਾਅਦ ਆਸਟਰੇਲੀਆਈ ਟੀਮ ਜਿੱਤਦੀ ਨਜ਼ਰ ਆ ਰਹੀ ਸੀ ਪਰ ਰਵੀਚੰਦਰਨ ਅਸ਼ਵਿਨ ਅਤੇ ਹਨੁਮਾ ਵਿਹਾਰੀ ਦੇ ਕਾਰਨ ਮੈਚ ਡਰਾਅ ਹੋ ਗਿਆ। ਅਸ਼ਵਿਨ ਨੇ 128 ਗੇਂਦਾਂ ’ਤੇ 7 ਚੌਕਿਆਂ ਦੀ ਮਦਦ ਨਾਲ 39 ਦੌੜਾਂ ਜਦਕਿ ਵਿਹਾਰੀ ਨੇ 161 ਗੇਂਦਾਂ ’ਤੇ 4 ਚੌਕਿਆਂ ਦੀ ਮਦਦ ਨਾਲ ਸਿਰਫ 23 ਦੌੜਾਂ ਬਣਾਈਆਂ।


ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News