ਵੀਨਸ ਵਿਲੀਅਮਸ ਸ਼ਿਕਾਗੋ ਓਪਨ ਦੇ ਪਹਿਲੇ ਦੌਰ ’ਚ ਬਾਹਰ

Wednesday, Aug 25, 2021 - 12:15 PM (IST)

ਵੀਨਸ ਵਿਲੀਅਮਸ ਸ਼ਿਕਾਗੋ ਓਪਨ ਦੇ ਪਹਿਲੇ ਦੌਰ ’ਚ ਬਾਹਰ

ਸਪੋਰਟਸ ਡੈਸਕ— ਵਿਸ਼ਵ ਦੀ ਸਾਬਕਾ ਨੰਬਰ ਇਕ ਖਿਡਾਰੀ ਤੇ ਸੱਤ ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਵੀਨਸ ਵਿਲੀਅਮਸ ਡਬਲਯੂ. ਟੀ. ਏ. ਸ਼ਿਕਾਗੋ ਓਪਨ ਮਹਿਲਾ ਟੈਨਿਸ ਟੂਰਨਾਮੈਂਟ ਦੇ ਪਹਿਲੇ ਦੌਰ ’ਚ ਤਾਈਵਾਨ ਦੀ ਸੀਹ ਸੁ ਵੇਈ ਤੋਂ ਸਿੱਧੇ ਸੈੱਟਾਂ ’ਚ ਹਾਰ ਗਈ। ਵਿਸ਼ਵ ’ਚ 81ਵੀਂ ਰੈਂਕਿੰਗ ਦੀ ਸੀਹ ਨੇ ਇਸ 41 ਸਾਲਾ ਅਮਰੀਕੀ ਖਿਡਾਰੀ ਨੂੰ ਸਿਰਫ਼ 67 ਮਿੰਟ ’ਚ 6-2, 6-3 ਨਾਲ ਹਰਾਇਆ। ਵੀਨਸ ਦੀ ਇਹ ਇਸ ਸੈਸ਼ਨ ’ਚ 9ਵੀਂ ਹਾਰ ਹੈ ਤੇ ਉਹ ਵਿਸ਼ਵ ਰੈਂਕਿੰਗ ’ਚ 147ਵੇਂ ਸਥਾਨ ’ਤੇ ਖਿਸਕ ਗਈ ਹੈ।

ਟੋਕੀਓ ਓਲੰਪਿਕ ਦੀ ਕਾਂਸੀ ਤਮਗ਼ਾ ਜੇਤੂ ਤੇ ਚੋਟੀ ਦਾ ਦਰਜਾ ਪ੍ਰਾਪਤ ਇਲਿਨਾ ਸਵੀਤੋਲਿਨਾ ਵੀ ਅਗਲੇ ਦੌਰ ’ਚ ਪਹੁੰਚ ਗਈ ਹੈ। ਜਦੋਂ ਉਹ 5-7, 6-1, 2-0 ਨਾਲ ਅੱਗੇ ਚਲ ਰਹੀ ਸੀ ਤਾਂ ਉਨ੍ਹਾਂ ਦੀ ਫ੍ਰਾਂਸੀਸੀ ਮੁਕਾਬਲੇਬਾਜ਼ ਕਲਾਰਾ ਬੁਰੇਲ ਮੈਚ ਤੋਂ ਹੱਟ ਗਈ ਸੀ। ਹੋਰ ਮੈਚਾਂ ’ਚ ਕ੍ਰਿਸਟੀਨਾ ਮਲਾਡੇਨੋਵਿਚ ਨੇ ਜ਼ਰੀਨਾ ਡੀਆਸ ਨੂੰ 6-2, 7-6 (7/3) ਨਾਲ ਹਰਾਇਆ ਜਦਕਿ ਚੈੱਕ ਗਣਰਾਜ ਦੀ ਟੇਰੇਜਾ ਮਾਰਟਿਨਕੋਵਾ ਨੇ ਤੀਜਾ ਦਰਜਾ ਪ੍ਰਾਪਤ ਸੋਰੇਨਾ ਕ੍ਰਿਸਟੀਆ ਨੂੰ 3-6, 6-3, 6-2 ਨਾਲ ਉਲਟਫੇਰ ਦਾ ਸ਼ਿਕਾਰ ਬਣਾਇਆ।


author

Tarsem Singh

Content Editor

Related News