ਭਾਰਤ ਦੀ ਦਿਵਿਆ ਬਣੀ ਵੇਲਾਮਲ ਮਹਿਲਾ ਗ੍ਰੈਂਡ ਮਾਸਟਰ ਚੈਂਪੀਅਨ
Monday, Feb 04, 2019 - 11:04 PM (IST)
ਚੇਨਈ (ਨਿਕਲੇਸ਼ ਜੈਨ)— ਪਿਛਲੇ 8 ਦਿਨਾਂ ਤੋਂ ਚੇਨਈ 'ਚ ਚੱਲ ਰਹੀ ਵੇਲਾਮਲ ਮਹਿਲਾ ਗ੍ਰੈਂਡ ਮਾਸਟਰ ਸ਼ਤਰੰਜ ਚੈਂਪੀਅਨਸ਼ਿਪ ਦਾ ਖਿਤਾਬ ਭਾਰਤ ਦੀ 13 ਸਾਲਾ ਖਿਡਾਰੀ ਦਿਵਿਆ ਦੇਸ਼ਮੁਖ ਨੇ ਆਪਣੇ ਨਾਂ ਕਰ ਲਿਆ। ਨਾਲ ਹੀ ਇਸ ਉਮਰ ਵਿਚ ਇਸ ਤਰ੍ਹਾਂ ਦਾ ਖਿਤਾਬ ਜਿੱਤਣ ਦਾ ਉਸ ਨੇ ਇਕ ਨਵਾਂ ਰਿਕਾਰਡ ਬਣਾ ਦਿੱਤਾ। ਚੈਂਪੀਅਨਸ਼ਿਪ ਵਿਚ 6 ਭਾਰਤੀ ਮਹਿਲਾ ਇੰਟਰਨੈਸ਼ਨਲ ਮਾਸਟਰ ਤੇ 6 ਹੋਰ ਦੇਸ਼ਾਂ ਦੀਆਂ ਮਹਿਲਾ ਗ੍ਰੈਂਡ ਮਾਸਟਰਾਂ ਵਿਚਾਲੇ ਹੋਈ 11 ਰਾਊਂਡਾਂ ਦੀ ਇਸ ਪ੍ਰਤੀਯੋਗਿਤਾ ਵਿਚ ਦਿਵਿਆ ਨੇ ਆਖਰੀ ਰਾਊਂਡ ਵਿਚ ਹਮਵਤਨ ਚੰਦਰਯ ਹਜਰਾ ਨੂੰ ਆਸਾਨੀ ਨਾਲ ਹਰਾਉਂਦਿਆਂ 8 ਅੰਕਾਂ ਨਾਲ ਖਿਤਾਬ ਆਪਣੇ ਨਾਂ ਕੀਤਾ। ਦੂਜੇ ਸਥਾਨ 'ਤੇ ਯੂਕ੍ਰੇਨ ਦੀ ਓਸਮਾਕ ਉਲਿਜਾ ਰਹੀ। ਉਸ ਨੇ ਆਖਰੀ ਰਾਊਂਡ ਵਿਚ ਭਾਰਤ ਦੀ ਮਿਸ਼ੇਲ ਕੈਥਰੀਨਾ ਨੂੰ ਹਰਾਉਂਦਿਆਂ 7.5 ਅੰਕਾਂ 'ਤੇ ਬਿਹਤਰ ਟਾਈਬ੍ਰੇਕ ਦੇ ਆਧਾਰ 'ਤੇ ਮਿਸ਼ੇਲ ਨੂੰ ਹੀ ਪਿੱਛੇ ਛੱਡਿਆ। ਇਸ ਤਰ੍ਹਾਂ ਮਿਸ਼ੇਲ ਕੈਥਰੀਨਾ 7.5 ਅੰਕਾਂ ਨਾਲ ਹੀ ਤੀਜੇ ਸਥਾਨ 'ਤੇ ਰਹੀ।
ਦਿਵਿਆ ਨੂੰ ਪਹਿਲਾ ਇੰਟਰਨੈਸ਼ਨਲ ਖਿਤਾਬ ਤੇ ਗ੍ਰੈਂਡ ਮਾਸਟਰ ਨਾਰਮ
ਭਾਰਤ ਦੀ ਦਿਵਿਆ ਦੇਸ਼ਮੁੱਖ ਨੇ ਖਿਤਾਬ ਤਾਂ ਆਪਣੇ ਨਾਂ ਕੀਤਾ ਹੀ, ਨਾਲ ਹੀ ਉਸ ਨੇ ਚੈਂਪੀਅਨਸ਼ਿਪ ਵਿਚ ਆਪਣਾ ਪਹਿਲਾ ਇੰਟਰਨੈਸ਼ਨਲ ਮਾਸਟਰ ਨਾਰਮ ਵੀ ਹਾਸਲ ਕਰ ਲਿਆ। ਇਸਦੇ ਨਾਲ ਹੀ ਭਾਰਤ ਦੀ ਮਿਸ਼ੇਲ ਕੈਥਰੀਨਾ ਨੇ ਆਪਣਾ ਪਹਿਲਾ ਮਹਿਲਾ ਗ੍ਰੈਂਡ ਮਾਸਟਰ ਨਾਰਮ ਆਪਣੇ ਨਾਂ ਕੀਤਾ।
