ਵਰੁਣ ਅਤੇ ਸਿਮਰਨਜੀਤ ਪੁਰਸ਼ ਹਾਕੀ ਟੀਮ, ਰੀਨਾ ਅਤੇ ਨਮਿਤਾ ਮਹਿਲਾ ਟੀਮ ’ਚ ਸ਼ਾਮਲ
Thursday, Jul 15, 2021 - 04:33 PM (IST)
ਨਵੀਂ ਦਿੱਲੀ (ਏਜੰਸੀ) : ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈ.ਓ.ਸੀ.) ਤੋਂ ਕੋਵਿਡ-19 ਮਹਾਮਾਰੀ ਕਾਰਨ ਟੀਮ ਖੇਡਾਂ ਵਿਚ 2 ਵਾਧੂ ਖਿਡਾਰੀਆਂ ਨੂੰ ਰੱਖਣ ਦੀ ਇਜਾਜ਼ਤ ਮਿਲਣ ਦੇ ਬਾਅਦ ਡਿਫੈਂਡਰ ਵਰੁਣ ਕੁਮਾਰ ਅਤੇ ਮਿਡਫੀਲਡਰ ਸਿਮਰਨਜੀਤ ਸਿੰਘ ਨੂੰ ਟੋਕੀਓ ਓਲੰਪਿਕ ਖੇਡਾਂ ਲਈ ਭਾਰਤੀ ਪੁਰਸ਼ ਹਾਕੀ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ, ਉਥੇ ਹੀ ਡਿਫੈਂਡਰ ਰੀਨਾ ਖੋਕਰ ਅਤੇ ਤਜ਼ਰਬੇਕਾਰ ਮਿਡਫੀਲਡਰ ਨਮਿਤਾ ਟੋਪੋ ਨੂੰ ਮਹਿਲਾ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਹਾਕੀ ਇੰਡੀਆ ਨੇ ਇਸ ਤੋਂ ਪਹਿਲਾਂ ਪੁਰਸ਼ ਅਤੇ ਮਹਿਲਾ ਦੋਵਾਂ ਵਰਗਾ ਲਈ 16-16 ਮੈਂਬਰੀ ਟੀਮ ਦੀ ਚੋਣ ਕੀਤੀ ਸੀ ਪਰ ਹੁਣ ਦੋਵਾਂ ਟੀਮਾਂ ਵਿਚ 2-2 ਵਾਧੂ ਖਿਡਾਰੀ ਜੋੜ ਦਿੱਤੇ ਗਏ ਹਨ।
ਇਹ ਵੀ ਪੜ੍ਹੋ: ਯੂਰੋ ਕੱਪ 2020 ਦਾ ਮੈਚ ਦੇਖਣ ਗਏ ਰਿਸ਼ਭ ਪੰਤ ਹੋਏ ਕੋਰੋਨਾ ਪਾਜ਼ੇਟਿਵ
ਸੂਤਰਾਂ ਨੇ ਕਿਹਾ, ‘ਵਰੁਣ ਅਤੇ ਸਿਮਰਨਜੀਤ ਨੂੰ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ ਅਤੇ ਹੁਣ ਇਹ 18 ਮੈਂਬਰੀ ਟੀਮ ਹੋਵੇਗੀ। ਉਹ ਭਾਵੇਂ ਹੀ ਵਾਧੂ ਖਿਡਾਰੀ ਹਨ ਪਰ ਆਈ.ਓ.ਸੀ. ਦੇ ਟੋਕੀਓ 2020 ਲਈ ਵਿਸ਼ੇਸ਼ ਦਿਸ਼ਾ-ਨਿਰਦੇਸ਼ਾਂ ਤਹਿਤ ਉਹ ਹਰੇਕ ਮੈਚ ਵਿਚ ਚੋਣ ਲਈ ਉਪਲਬੱਧ ਰਹਿਣਗੇ।’ ਓਲੰਪਿਕ ਦੀਆਂ ਹਾਕੀ ਟੀਮਾਂ ਦੇ ਪਰੰਪਰਾਗਤ ਰੂਪ ਨਾਲ 16 ਖਿਡਾਰੀ ਸ਼ਾਮਲ ਹੁੰਦੇ ਹਨ ਪਰ ਆਈ.ਓ.ਸੀ. ਨੇ ਕੋਵਿਡ-19 ਕਾਰਨ ਬਦਲੇ ਹਾਲਾਤਾਂ ਵਿਚ ਹਰੇਕ ਹਿੱਸੇਦਾਰ ਦੇਸ਼ ਨੂੰ 2 ਵਾਧੂ ਖਿਡਾਰੀਆਂ ਦੀ ਚੋਣ ਕਰਨ ਦੀ ਇਜਾਜ਼ਤ ਦਿੱਤੀ ਹੈ। ਵਰੁਣ, ਸਿਮਰਨਜੀਤ ਅਤੇ ਰੀਨਾ ਪਹਿਲੀ ਵਾਰ ਓਲੰਪਿਕ ਵਿਚ ਹਿੱਸਾ ਲੈਣਗੇ, ਜਦੋਂਕਿ ਨਮਿਤਾ 2016 ਵਿਚ ਰਿਓ ਓਲੰਪਿਕ ਖੇਡਾਂ ਵਿਚ ਹਿੱਸਾ ਲੈਣ ਵਾਲੀ ਟੀਮ ਦਾ ਹਿੱਸਾ ਸੀ।
ਇਹ ਵੀ ਪੜ੍ਹੋ: ਇੰਗਲੈਂਡ ਦੌਰੇ ’ਤੇ ਗਈ ਭਾਰਤੀ ਕ੍ਰਿਕਟ ਟੀਮ ਲਈ ਨਵੀਂ ਮੁਸੀਬਤ, 2 ਖਿਡਾਰੀ ਨਿਕਲੇ ਕੋਰੋਨਾ ਪਾਜ਼ੇਟਿਵ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।