US Open Tennis Tournament-2018: ਮਿਲੋਸ ਰਾਓਨਿਕ ਨੇ ਵਾਵਰਿੰਕਾ ਨੂੰ ਕੀਤਾ ਬਾਹਰ
Sunday, Sep 02, 2018 - 12:50 AM (IST)

ਨਿਊਯਾਰਕ— ਪੁਰਸ਼ਾਂ ਵਿਚ ਕੈਨੇਡਾ ਦੇ ਮਿਲੋਸ ਰਾਓਨਿਕ ਨੇ ਸਾਬਕਾ ਚੈਂਪੀਅਨ ਸਟੇਨਿਸਲਾਸ ਵਾਵਰਿੰਕਾ ਨੂੰ ਹਰਾ ਕੇ ਬਾਹਰ ਕਰ ਦਿੱਤਾ। ਪੁਰਸ਼ਾਂ ਵਿਚ ਸਾਬਕਾ ਚੈਂਪੀਅਨ ਅਰਜਨਟੀਨਾ ਦੇ ਜੁਆਨ ਮਾਰਟਿਨ ਡੇਲ ਪੋਤ੍ਰੋ ਨੇ ਸਪੇਨ ਦੇ ਫਰਨਾਂਡੋ ਵਰਦਾਸਕੋ ਵਿਰੁੱਧ ਤੀਜੇ ਰਾਊਂਡ ਵਿਚ ਦੋ ਘੰਟੇ 59 ਮਿੰਟ ਵਿਚ 7-5, 7-6, 6-3 ਨਾਲ ਜਿੱਤ ਆਪਣੇ ਨਾਂ ਕੀਤੀ। ਪੋਤ੍ਰੋ ਚੌਥੇ ਦੌਰ ਵਿਚ 20ਵੀਂ ਸੀਡ ਕ੍ਰੋਏਸ਼ੀਆ ਦੇ ਬੋਰਨੋ ਕੋਰਿਚ ਵਿਰੁੱਧ ਖੇਡੇਗਾ, ਜਿਸ ਨੇ ਡਾਨਿਲ ਮੇਦਵੇਦੇਵ ਨੂੰ ਲਗਾਤਾਰ ਸੈੱਟਾਂ ਵਿਚ ਹਰਾਇਆ।
ਇਕ ਹੋਰ ਰੋਮਾਂਚਕ ਮੁਕਾਬਲੇ ਵਿਚ ਕੈਨੇਡਾਈ ਖਿਡਾਰੀ ਰਾਓਨਿਕ ਨੇ ਸਾਬਕਾ ਚੈਂਪੀਅਨ ਵਾਵਰਿੰਕਾ ਨੂੰ ਤੀਜੇ ਦੌਰ ਵਿਚ 7-6, 6-4, 6-3 ਨਾਲ ਲਗਾਤਾਰ ਸੈੱਟਾਂ ਵਿਚ ਹਰਾ ਕੇ ਅਗਲੇ ਦੌਰ ਵਿਚ ਪ੍ਰਵੇਸ਼ ਕਰ ਲਿਆ। ਸਵਿਸ ਖਿਡਾਰੀ 2016 ਵਿਚ ਇੱਥੇ ਖਿਤਾਬ ਜਿੱਤਣ ਤੋਂ ਬਾਅਦ ਪਹਿਲੀ ਵਾਰ ਖੇਡ ਰਿਹਾ ਹੈ। ਗੋਡੇ ਦੀ ਸਰਜਰੀ ਤੋਂ ਬਾਅਦ ਵਾਪਸੀ ਕਰ ਰਹੇ ਵਾਵਰਿੰਕਾ ਨੂੰ ਪੁਰਸ਼ ਡਰਾਅ ਵਿਚ ਸਭ ਤੋਂ ਮਜ਼ਬੂਤ ਖਿਡਾਰੀ ਮੰਨਿਆ ਜਾ ਰਿਹਾ ਸੀ ਪਰ ਉਹ ਰਾਓਨਿਕ ਸਾਹਮਣੇ ਚੁਣੌਤੀ ਨਹੀਂ ਪੇਸ਼ ਕਰ ਸਕਿਆ।
ਰਾਓਨਿਕ ਚੌਥੇ ਦੌਰ ਵਿਚ 11ਵੀਂ ਸੀਡ ਅਮਰੀਕਾ ਦੇ ਜਾਨ ਇਸਨਰ ਵਿਰੁੱਧ ਖੇਡੇਗਾ, ਜਿਸ ਨੇ ਸਰਬੀਆ ਦੇ ਡੁਸਾਨ ਲਾਜੋਵਿਚ ਨੂੰ ਇਕ ਹੋਰ ਮੈਚ ਵਿਚ ਹਰਾਇਆ। ਪੰਜਵੀਂ ਸੀਡ ਦੱਖਣੀ ਅਫਰੀਕਾ ਦੇ ਕੇਵਿਨ ਐਂਡਰਸਨ ਨੇ ਦੂਜੇ ਦੌਰ ਵਿਚ ਮੈਰਾਥਨ ਮੈਚ ਤੋਂ ਬਾਅਦ ਕੈਨੇਡਾ ਦੇ ਡੇਨਿਸ ਸ਼ਾਪਾਲੋਵ ਨੂੰ ਵੀ ਪੰਜ ਸੈੱਟਾਂ ਦੇ ਲੰਬੇ ਮੈਚ ਵਿਚ 4-6, 6-3, 6-4, 4-6, 6-4 ਨਾਲ ਹਰਾ ਕੇ ਚੌਥੇ ਦੌਰ ਵਿਚ ਜਗ੍ਹਾ ਬਣਾਈ, ਜਿੱਥੇ ਉਸਦੇ ਸਾਹਮਣੇ ਆਸਟਰੀਆ ਦੇ ਡੋਮਿਨਿਕ ਥਿਏਮ ਦੀ ਚੁਣੌਤੀ ਹੋਵੇਗੀ।