ਯੂ ਐੱਸ ਓਪਨ : ਮੇਦਵੇਦੇਵ ਤੇ ਕ੍ਰਿਗੀਓਸ ਚੌਥੇ ਦੌਰ ’ਚ
Sunday, Sep 04, 2022 - 05:01 PM (IST)
ਨਿਊਯਾਰਕ– ਟਾਪ ਸੀਡ ਡੇਨੀਅਲ ਮੇਦਵੇਦੇਵ ਤੇ ਆਸਟਰੇਲੀਆ ਦੇ ਨਿਕ ਕ੍ਰਿਗੀਓਸ ਨੇ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਯੂ. ਐੱਸ. ਓਪਨ 2022 ਦੇ ਚੌਥੇ ਦੌਰ ਵਿਚ ਪ੍ਰਵੇਸ਼ ਕਰ ਲਿਆ, ਜਿੱਥੇ ਉਹ ਇਕ-ਦੂਜੇ ਦੇ ਸਾਹਮਣੇ ਹੋਣਗੇ। ਯੂ. ਐੱਸ. ਓਪਨ 2021 ਦੇ ਜੇਤੂ ਮੇਦਵੇਦੇਵ ਨੇ ਚੀਨ ਦੇ ਵੂ ਯਿਬਿੰਗ ਨੂੰ ਤੀਜੇ ਦੌਰ ਵਿਚ 6-4, 6-2, 6-2 ਨਾਲ ਸਿੱਧੇ ਸੈੱਟਾਂ ਵਿਚ ਹਰਾਇਆ। ਮੇਦਵੇਦੇਵ ਚੌਥੇ ਦੌਰ ਵਿਚ ਕ੍ਰਿਗੀਓਸ ਦਾ ਸਾਮਹਣਾ ਕਰੇਗਾ, ਜਿਹੜਾ ਤੀਜੇ ਦੌਰ ਵਿਚ ਅਮਰੀਕਾ ਦੇ ਜੇਫਰੀ ਵੁਲਫ ਨੂੰ 6-4, 6-2, 6-3 ਨਾਲ ਹਰਾ ਕੇ ਆ ਰਿਹਾ ਹੈ।
ਇਸ ਵਿਚਾਲੇ ਨਾਰਵੇ ਦੇ ਕੈਸਪਰ ਰੂਡ ਨੇ ਅਮਰੀਕਾ ਦੇ ਟਾਮੀ ਪੌਲ ਨੂੰ ਤੀਜੇ ਦੌਰ ਵਿਚ 7-6(3), 6-7(5), 7-6(2), 5-7, 6-0 ਨਾਲ ਹਰਾਇਆ। ਰੂਡ ਚੌਥੇ ਦੌਰ ਵਿਚ ਫਰਾਂਸ ਦੇ ਕੋਰੇਂਟੀਨ ਮੁਟੇਟ ਵਿਰੁੱਧ ਖੇਡੇਗਾ। ਇਕ ਹੋਰ ਧਾਕੜ ਐਂਡੀ ਮਰੇ ਹਾਰ ਕੇ ਬਾਹਰ ਹੋ ਗਿਆ। ਪੁਰਸ਼ ਸਿੰਗਲਜ਼ ਵਿਚ 3 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਮਰੇ ਨੂੰ ਸਾਢੇ ਤਿੰਨ ਘੰਟੇ ਤਕ ਚੱਲੇ ਮੈਚ ਵਿਚ ਮਾਤੇਓ ਬੇਰੇਤਿਨੀ ਨੇ 6-4, 6-4, 6-7 (1), 6-3 ਨਾਲ ਹਰਾ ਦਿੱਤਾ। ਅਮਰੀਕਾ ਦੀ ਕੋਕੋ ਗਾਫ ਨੇ ਆਪਣੀ ਹਮਵਤਨ ਮੈਡੀਸਨ ਕੀਜ਼ ਨੂੰ ਹਰਾ ਕੇ ਪਹਿਲਾ ਵਾਰ ਯੂ. ਐੱਸ.ਓਪਨ ਦੇ ਚੌਥੇ ਦੌਰ ਵਿਚ ਜਗ੍ਹਾ ਬਣਾਈ। ਗਾਫ ਨੇ ਤੀਜੇ ਦੌਰ ਦੇ ਮੁਕਾਬਲੇ ਵਿਚ ਕੀਜ਼ ਨੂੰ 6-2, 6-3 ਨਾਲ ਸਿੱਧੇ ਸੈੱਟਾਂ ਵਿਚ ਹਰਾਇਆ।