ਉਰੂਗਵੇ ਨੇ ਕੋਪਾ ਅਮਰੀਕਾ ਕੱਪ ''ਚ ਪਨਾਮਾ ''ਤੇ 3-1 ਦੀ ਜਿੱਤ ਨਾਲ ਆਪਣੀ ਮੁਹਿੰਮ ਕੀਤੀ ਦੀ ਸ਼ੁਰੂਆਤ
Monday, Jun 24, 2024 - 05:03 PM (IST)

ਮਿਆਮੀ ਗਾਰਡਨ- ਉਰੂਗਵੇ ਨੇ ਗਰੁੱਪ 'ਚ ਰਿਕਾਰਡ 16ਵੀਂ ਵਾਰ ਕੋਪਾ ਅਮਰੀਕਾ ਕੱਪ ਫੁੱਟਬਾਲ ਖਿਤਾਬ ਜਿੱਤਣ ਦੇ ਟੀਚੇ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਪਨਾਮਾ 'ਤੇ 3-1 ਨਾਲ ਜਿੱਤ ਦਰਜ ਕੀਤੀ। ਇਸ ਮੈਚ 'ਚ ਉਰੂਗਵੇ ਦੀ ਟੀਮ ਦੇਸ਼ ਦੇ ਚੋਟੀ ਦੇ ਗੋਲ ਕਰਨ ਵਾਲੇ ਲੁਈਸ ਸੁਆਰੇਜ਼ ਦੇ ਬਿਨਾਂ ਮੈਦਾਨ 'ਚ ਉਤਰੀ।
ਮੈਕਸਿਮਿਲਿਆਨੋ ਅਰਾਉਜੋ ਨੇ 16ਵੇਂ ਮਿੰਟ ਵਿੱਚ ਉਰੂਗਵੇ ਦਾ ਖਾਤਾ ਖੋਲ੍ਹਿਆ, ਜਦੋਂ ਕਿ ਡਾਰਵਿਨ ਨੁਨੇਜ਼ (85ਵੇਂ ਮਿੰਟ) ਅਤੇ ਮਾਟਿਆਸ ਵਿਨਾ (90+1 ਮਿੰਟ) ਨੇ ਆਖਰੀ ਛੇ ਮਿੰਟ ਵਿੱਚ ਦੋ ਗੋਲ ਕਰਕੇ ਟੀਮ ਦੀ ਜਿੱਤ ਯਕੀਨੀ ਬਣਾਈ। ਉਰੂਗਵੇ ਨੇ ਪੂਰੇ ਮੈਚ 'ਚ ਦਬਦਬਾ ਬਣਾਉਂਦੇ ਹੋਏ 20 ਵਾਰ ਪਨਾਮਾ ਦੇ ਡਿਫੈਂਸ ਨੂੰ ਪਾਰ ਕਰਨ 'ਚ ਸਫਲਤਾ ਹਾਸਲ ਕੀਤੀ। ਇਨ੍ਹਾਂ 'ਚੋਂ ਉਸ ਦੀਆਂ ਸੱਤ ਕੋਸ਼ਿਸ਼ਾਂ ਨਿਸ਼ਾਨੇ 'ਤੇ ਸਨ ਅਤੇ ਤਿੰਨ ਗੋਲ 'ਚ ਬਦਲ ਗਈਆਂ।
ਪਨਾਮਾ ਲਈ ਆਮਿਰ ਮੁਰੀਲੋ ਨੇ ਸਟਾਪੇਜ ਟਾਈਮ (90+4 ਮਿੰਟ) ਵਿੱਚ ਗੋਲ ਕਰਕੇ ਹਾਰ ਦੇ ਫਰਕ ਨੂੰ ਘੱਟ ਕੀਤਾ। ਗਰੁੱਪ ਸੀ ਦੇ ਇੱਕ ਹੋਰ ਮੈਚ ਵਿੱਚ ਅਮਰੀਕਾ ਨੇ ਬੋਲੀਵੀਆ ਨੂੰ 2-0 ਨਾਲ ਹਰਾਇਆ। ਉਰੂਗਵੇ ਹੁਣ ਵੀਰਵਾਰ ਨੂੰ ਨਿਊਜਰਸੀ 'ਚ ਬੋਲੀਵੀਆ ਨਾਲ ਭਿੜੇਗਾ ਜਦਕਿ ਅਮਰੀਕਾ ਉਸੇ ਦਿਨ ਪਨਾਮਾ ਦੀ ਚੁਣੌਤੀ ਦਾ ਸਾਹਮਣਾ ਕਰੇਗਾ।