CBI ਅਦਾਲਤ ਵਲੋਂ ਦੋਸ਼ੀ ਤਤਕਾਲੀ 2 SHO ਨੂੰ 8 ਸਾਲ ਅਤੇ ASI ਨੂੰ 3 ਸਾਲ ਦੀ ਕੈਦ

Sunday, Jun 01, 2025 - 12:02 PM (IST)

CBI ਅਦਾਲਤ ਵਲੋਂ ਦੋਸ਼ੀ ਤਤਕਾਲੀ 2 SHO ਨੂੰ 8 ਸਾਲ ਅਤੇ ASI ਨੂੰ 3 ਸਾਲ ਦੀ ਕੈਦ

ਮੋਹਾਲੀ (ਜੱਸੀ) : ਸਾਲ 1993 ’ਚ 2 ਨੌਜਵਾਨਾਂ ਪਲਵਿੰਦਰ ਸਿੰਘ ਉਰਫ਼ ਪੱਪੂ ਅਤੇ ਬਲਬੀਰ ਸਿੰਘ ਨੂੰ ਜ਼ਬਰੀ ਚੁੱਕਣ, ਨਾਜਾਇਜ਼ ਹਿਰਾਸਤ ’ਚ ਰੱਖਣ ਅਤੇ ਝੂਠੇ ਪੁਲਸ ਮੁਕਾਬਲੇ ’ਚ ਮਾਰਨ ਦੇ ਮਾਮਲੇ ’ਚ 2 ਐੱਸ. ਐੱਚ. ਓਜ਼ ਅਤੇ ਏ. ਐੱਸ. ਆਈ. ਨੂੰ ਸਜ਼ਾ ਸੁਣਾਈ ਗਈ ਹੈ। ਸੀ. ਬੀ. ਆਈ ਅਦਾਲਤ ਦੇ ਵਿਸ਼ੇਸ਼ ਜੱਜ ਬਲਜਿੰਦਰ ਸਿੰਘ ਸਰਾਂ ਦੀ ਅਦਾਲਤ ਵਲੋਂ ਕਪੂਰਥਲਾ ਪੁਲਸ ਦੇ ਤਿੰਨ ਪੁਲਸ ਅਧਿਕਾਰੀਆਂ ਤਤਕਾਲੀ ਐੱਸ. ਐੱਚ. ਓ ਰਾਵਲਪਿੰਡੀ ਮਨਜੀਤ ਸਿੰਘ (ਧਾਰਾ 364 ’ਚ 8 ਸਾਲ ਦੀ ਕੈਦ, 50 ਹਜ਼ਾਰ ਜੁਰਮਾਨਾ), ਐੱਸ. ਐੱਚ. ਓ. ਸਿਟੀ ਫਗਵਾੜਾ ਗੁਰਮੇਜ ਸਿੰਘ (ਧਾਰਾ-120 (ਬੀ) 5 ਸਾਲ ਕੈਦ ਤੇ 50 ਹਜ਼ਾਰ ਜੁਰਮਾਨਾ) ਅਤੇ ਥਾਣਾ ਰਾਵਲਪਿੰਡੀ ਦੇ ਏ. ਐੱਸ. ਆਈ. ਕਰਮਜੀਤ ਸਿੰਘ ਨੂੰ (ਧਾਰਾ-342 ’ਚ 1 ਸਾਲ ਕੈਦ ਦੀ ਸਜ਼ਾ) ਨੂੰ ਦੋਸ਼ੀ ਠਹਿਰਾਇਆ ਹੈ। ਅਦਾਲਤ ਵਲੋਂ ਤਤਕਾਲੀ ਸਿਪਾਹੀ ਕਸ਼ਮੀਰ ਸਿੰਘ ਤੇ ਹਰਜੀਤ ਸਿੰਘ ਨੂੰ ਬਰੀ ਕਰਨ ਦੇ ਹੁਕਮ ਦਿੱਤੇ ਗਏ ਹਨ।

ਸੀ. ਬੀ. ਆਈ. ਵਲੋਂ ਕੇਸ ਦੀ ਪੈਰਵੀ ਅਨਮੋਲ ਨਾਰੰਗ ਕਰ ਰਹੇ ਸਨ। ਸੀ. ਬੀ. ਆਈ ਦੀ ਚਾਰਜਸ਼ੀਟ ਅਨੁਸਾਰ ਮਾਮਲੇ ’ਚ 27 ਮਾਰਚ 1993 ਨੂੰ ਸਵੇਰੇ ਕਰੀਬ 8.30 ਵਜੇ, ਥਾਣਾ ਰਾਵਲਪਿੰਡੀ (ਕਪੂਰਥਲਾ) ਦੀ ਪੁਲਸ ਪਾਰਟੀ ਨੇ ਏ. ਐੱਸ. ਆਈ. ਕਰਮਜੀਤ ਸਿੰਘ ਦੀ ਅਗਵਾਈ ’ਚ ਪਲਵਿੰਦਰ ਸਿੰਘ ਉਰਫ਼ ਪੱਪੂ ਨੂੰ ਪਿੰਡ ਰਾਵਲਪਿੰਡੀ ਵਿਖੇ ਉਸ ਦੇ ਘਰ ਤੋਂ ਚੁੱਕਿਆ ਅਤੇ ਉਸੇ ਦਿਨ ਇਕ ਹੋਰ ਵਿਅਕਤੀ ਬਲਬੀਰ ਸਿੰਘ ਵਾਸੀ ਪਿੰਡ ਢੱਡੇ, ਫਗਵਾੜਾ ਨੂੰ ਉਸ ਸਮੇਂ ਦੇ ਐੱਸ. ਐੱਚ. ਓ. ਪੀ.ਐੱਸ ਰਾਵਲਪਿੰਡੀ, ਮਨਜੀਤ ਸਿੰਘ ਨੇ ਉਸ ਦੇ ਪਿੰਡ ਤੋਂ ਚੁੱਕਿਆ। ਉਨ੍ਹਾਂ ਨੂੰ ਗ਼ੈਰ-ਕਾਨੂੰਨੀ ਹਿਰਾਸਤ ’ਚ ਰੱਖਿਆ ਗਿਆ ਸੀ ਅਤੇ ਫਿਰ 3 ਅਪ੍ਰੈਲ 1993 ਨੂੰ ਦੋਹਾਂ ਨੂੰ ਥਾਣਾ ਸਿਟੀ ਫਗਵਾੜਾ ਦੀ ਪੁਲਸ ਪਾਰਟੀ ਵਲੋਂ ਥਾਣਾ ਸਿਟੀ ਫਗਵਾੜਾ ਦੇ ਇਕ ਚੋਰੀ/ਡਕੈਤੀ ਕੇਸ ਵਿਚ ਗ੍ਰਿਫ਼ਤਾਰ ਕੀਤਾ ਗਿਆ ਦਿਖਾਇਆ ਗਿਆ ਸੀ।

ਉਨ੍ਹਾਂ ਤੋਂ ਸਕੂਟਰ ਤੇ ਸੋਨੇ ਦੀ ਅੰਗੂਠੀ ਬਰਾਮਦ ਕੀਤੀ ਗਈ ਸੀ ਪਰ ਬਾਅਦ ’ਚ ਕੁੱਝ ਘੰਟਿਆਂ ਬਾਅਦ ਪਲਵਿੰਦਰ ਸਿੰਘ ਉਰਫ਼ ਪੱਪੂ ਅਤੇ ਬਲਬੀਰ ਸਿੰਘ ਦੋਹਾਂ ਨੂੰ ਉਨ੍ਹਾਂ ਦੇ ਖ਼ੁਲਾਸੇ ਵਾਲੇ ਬਿਆਨਾਂ ਅਨੁਸਾਰ ਹਥਿਆਰਾਂ ਅਤੇ ਗੋਲਾ-ਬਾਰੂਦ ਦੀ ਬਰਾਮਦਗੀ ਕਰਦੇ ਸਮੇਂ ਬ੍ਰੋਕਿੰਗ ਬੈਲਟ ਵਲੋਂ ਪੁਲਸ ਹਿਰਾਸਤ ’ਚੋਂ ਭੱਜਿਆ ਦਿਖਾਇਆ ਗਿਆ। ਇਸ ਸਬੰਧ ’ਚ ਇਕ ਹੋਰ ਮਾਮਲਾ ਮਿਤੀ 3.4.1993 ਨੂੰ ਥਾਣਾ ਸਦਰ, ਫਗਵਾੜਾ ਵਿਖੇ ਦਰਜ ਕੀਤਾ ਗਿਆ। ਇੰਨਾ ਹੀ ਨਹੀਂ 5 ਅਪ੍ਰੈਲ 1993 ਨੂੰ ਪਲਵਿੰਦਰ ਸਿੰਘ ਉਰਫ਼ ਪੱਪੂ ਅਤੇ ਬਲਬੀਰ ਸਿੰਘ ਦੋਹਾਂ ਨੂੰ ਸੁਲਤਾਨਪੁਰ ਲੋਧੀ ਪੁਲਸ ਨਾਲ ਪੁਲਸ ਮੁਕਾਬਲੇ ’ਚ ਮਾਰੇ ਗਏ ਦਿਖਾਇਆ ਗਿਆ ਤੇ ਇਸ ਸਬੰਧੀ ਐੱਫ. ਆਈ. ਆਰ. ਨੰਬਰ 18 ਮਿਤੀ 5.4.1993 ਨੂੰ ਥਾਣਾ ਸੁਲਤਾਨਪੁਰ ਲੋਧੀ ਵਿਖੇ ਦਰਜ ਕੀਤੀ ਗਈ ਸੀ ਪਰ ਉਨ੍ਹਾਂ ਦੀ ਮੌਤ ਦੀ ਜਾਣਕਾਰੀ ਉਨ੍ਹਾਂ ਦੇ ਪਰਿਵਾਰਾਂ ਨੂੰ ਨਹੀਂ ਦਿੱਤੀ ਗਈ ਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਲਾਵਾਰਿਸ ਦੱਸ ਕੇ ਸਸਕਾਰ ਕਰ ਦਿੱਤਾ ਗਿਆ।

1995 ’ਚ ਪਲਵਿੰਦਰ ਸਿੰਘ ਦੇ ਪਿਤਾ ਦਰਸ਼ਨ ਸਿੰਘ ਨੇ ਆਪਣੇ ਪੁੱਤਰ ਨੂੰ ਅਦਾਲਤ ’ਚ ਪੇਸ਼ ਕਰਨ ਦੇ ਨਿਰਦੇਸ਼ ਲਈ ਹਾਈਕੋਰਟ ਚੰਡੀਗੜ੍ਹ ’ਚ ਹੇਬੀਅਸ ਕਾਰਪਸ ਪਟੀਸ਼ਨ ਦਾਇਰ ਕੀਤੀ ਤੇ ਧਿਰਾਂ ਦੀ ਸੁਣਵਾਈ ਤੋਂ ਬਾਅਦ ਨਿਆਇਕ ਜਾਂਚ ਸੀ. ਜੇ. ਐੱਮ., ਕਪੂਰਥਲਾ ਨੂੰ ਸੌਂਪੀ ਗਈ। 28 ਮਈ 2003 ਦੀ ਨਿਅਇਕ ਰਿਪੋਰਟ ’ਚ ਮੁਕਾਬਲੇ ਨੂੰ ਸ਼ੱਕੀ ਪਾਇਆ ਗਿਆ ਅਤੇ ਸੁਤੰਤਰ ਜਾਂਚ ਦੀ ਸਿਫਾਰਸ਼ ਕੀਤੀ ਗਈ ਤੇ ਇਸ ਰਿਪੋਰਟ ਦੇ ਆਧਾਰ ’ਤੇ ਪੰਜਾਬ-ਹਰਿਆਣਾ ਹਾਈਕੋਰਟ ਨੇ 12.9.2005 ਦੇ ਹੁਕਮਾਂ ਅਨੁਸਾਰ ਸੀ.ਬੀ.ਆਈ. ਜਾਂਚ ਦਾ ਹੁਕਮ ਦਿੱਤਾ, ਜੋ ਕਿ 1995 ਦੀ ਅਪਰਾਧਿਕ ਰਿੱਟ ਪਟੀਸ਼ਨ ਨੰਬਰ 807 ’ਚ ਪਾਸ ਕੀਤੇ ਗਏ ਸਨ।
 


author

Babita

Content Editor

Related News