ਯੂਪੀ ਨੇ ਬਾਸਕਟਬਾਲ ''ਚ ਰਚਿਆ ਇਤਿਹਾਸ, ਯੋਗੀ ਨੇ ਦਿੱਤੀ ਵਧਾਈ
Monday, Oct 03, 2022 - 05:22 PM (IST)
ਅਹਿਮਦਾਬਾਦ (ਵਾਰਤਾ)- ਰਾਸ਼ਟਰੀ ਖੇਡਾਂ ਵਿਚ ਉੱਤਰ ਪ੍ਰਦੇਸ਼ ਦੀ ਬਾਸਕਟਬਾਲ ਟੀਮ ਨੇ ਸੋਮਵਾਰ ਨੂੰ ਮਹਾਰਾਸ਼ਟਰ ਨੂੰ ਹਰਾ ਕੇ ਪਹਿਲਾ ਸੋਨ ਤਮਗਾ ਜਿੱਤਿਆ। ਇਸ ਤੋਂ ਇਲਾਵਾ ਯੂਪੀ ਦੇ ਖਿਡਾਰੀਆਂ ਨੇ ਫ੍ਰੀ ਸਟਾਈਲ ਕੁਸ਼ਤੀ ਅਤੇ ਏਅਰ ਪਿਸਟਲ ਮੁਕਾਬਲੇ ਵਿੱਚ ਵੀ ਜਿੱਤ ਦਰਜ ਕਰਕੇ ਸੋਨ ਤਮਗੇ ’ਤੇ ਕਬਜ਼ਾ ਕੀਤਾ। ਕੌਮੀ ਖੇਡਾਂ ਵਿੱਚ ਦੂਜੇ ਸਥਾਨ ’ਤੇ ਕਾਬਜ਼ ਯੂਪੀ ਦੇ ਖਿਡਾਰੀਆਂ ਨੇ ਤਮਗਾ ਬਟੋਰੋ ਮੁਹਿੰਮ ਨੂੰ ਚੌਥੇ ਦਿਨ ਸੋਮਵਾਰ ਨੂੰ ਵੀ ਜਾਰੀ ਰੱਖਿਆ।
ਰਾਜ ਦੀ ਬਾਸਕਟਬਾਲ ਟੀਮ ਨੇ ਮਹਾਰਾਸ਼ਟਰ ਨੂੰ ਹਰਾ ਕੇ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਖਿਤਾਬ ਜਿੱਤਿਆ। ਟੀਮ ਦੇ ਪ੍ਰਦਰਸ਼ਨ ਤੋਂ ਖ਼ੁਸ਼ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਟੀਮ ਦੇ ਕਪਤਾਨ ਹਰਸ਼ ਡਾਗਰ ਨੂੰ ਫੋਨ ਕੀਤਾ ਅਤੇ ਸੂਬੇ ਦੇ ਲੋਕਾਂ ਦੀ ਤਰਫੋਂ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੱਤੀ। ਦੂਜੇ ਪਾਸੇ ਦੌੜਾਕ ਅਭਿਸ਼ੇਕ ਪਾਲ ਨੇ 10 ਕਿਲੋਮੀਟਰ ਦੌੜ ਵਿੱਚ ਦੂਜੇ ਸਥਾਨ ’ਤੇ ਰਹਿ ਕੇ ਚਾਂਦੀ ਦਾ ਤਮਗਾ ਜਿੱਤਿਆ।
ਉਨ੍ਹਾਂ ਨੇ ਦੌੜ ਪੂਰੀ ਕਰਨ ਲਈ 28:54.98 ਸਕਿੰਟ ਦਾ ਸਮਾਂ ਲਿਆ। ਅੱਜ ਹੀ ਕਵਿਤਾ ਯਾਦਵ ਨੇ 10 ਕਿਲੋਮੀਟਰ ਦੌੜ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਇਸ ਤੋਂ ਪਹਿਲਾਂ ਐਤਵਾਰ ਰਾਤ ਨੂੰ ਯੂਪੀ ਦੇ ਜੌਂਟੀ ਕੁਮਾਰ ਨੇ ਪੁਰਸ਼ਾਂ ਦੀ ਕੁਸ਼ਤੀ ਫ੍ਰੀਸਟਾਈਲ ਵਿੱਚ ਸੋਨ ਤਮਗਾ ਅਤੇ ਯੁਵਿਕਾ ਨੇ 10 ਮੀਟਰ ਏਅਰ ਪਿਸਟਲ ਵਿੱਚ ਸੋਨ ਤਮਗਾ ਅਤੇ ਪੁਰਸ਼ਾਂ ਦੀ ਗ੍ਰੀਕੋ-ਰੋਮਨ ਕੁਸ਼ਤੀ ਦੇ 130 ਕਿਲੋਗ੍ਰਾਮ ਵਰਗ ਵਿੱਚ ਯਤੇਂਦਰ ਨੇ ਉੱਤਰ ਪ੍ਰਦੇਸ਼ ਨੂੰ ਕਾਂਸੀ ਦਾ ਤਮਗਾ ਜਿਤਾਇਆ।