ਦੋ ਵਾਰ ਦੇ ਓਲੰਪਿਕ ਚੈਂਪੀਅਨ ਐਂਡੀ ਮਰੇ ਪੈਰਿਸ ਮਾਸਟਰਸ ਦੇ ਪਹਿਲੇ ਦੌਰ ''ਚ ਹਾਰੇ
Tuesday, Nov 02, 2021 - 03:50 PM (IST)
ਪੈਰਿਸ- ਦੋ ਵਾਰ ਦੇ ਓਲੰਪਿਕ ਚੈਂਪੀਅਨ ਐਂਡੀ ਮਰੇ ਨੇ 7 ਮੈਚ ਪੁਆਇੰਟ ਗੁਆ ਦਿੱਤੇ ਤੇ ਪੈਰਿਸ ਮਾਸਟਰਸ ਟੈਨਿਸ ਦੇ ਪਹਿਲੇ ਹੀ ਦੌਰ 'ਚ ਜਰਮਨੀ ਦੇ ‘ਲਕੀ ਲੂਜ਼ਰ' ਡੋਮਿਨਿਕ ਕੋਫ਼ਰ ਤੋਂ ਹਾਰ ਗਏ। ਖ਼ਰਾਬ ਸਰਵਿਸ ਦਾ ਖ਼ਾਮੀਆਜ਼ਾ ਮਰੇ ਨੂੰ ਭੁਗਤਨਾ ਪਿਆ ਤੇ ਕੋਫਰ ਨੇ ਉਨ੍ਹਾਂ ਨੂੰ 6-4, 5-7, 7-6 ਨਾਲ ਹਰਾਇਆ।
ਵਿਸ਼ਵ ਰੈਂਕਿੰਗ 'ਚ 144ਵੇਂ ਸਥਾਨ 'ਤੇ ਕਾਬਜ਼ ਮਰੇ ਨੂੰ ਇਸ ਟੂਰਨਾਮੈਂਟ 'ਚ ਵਾਈਲਡ ਕਾਰਡ ਮਿਲਿਆ ਸੀ। ਇਸ ਸਾਲ ਉਹ 26 ਮੈਚਾਂ 'ਚੋਂ 13 ਹਾਰੇ ਤੇ 13 ਜਿੱਤੇ ਹਨ। ਉਨ੍ਹਾਂ ਨੂੰ ਪਹਿਲੇ ਅਮਰੀਕੀ ਕੁਆਲੀਫ਼ਾਇਰ ਜੇਂਸਨ ਬਰੂਕਸਬੀ ਨਾਲ ਖੇਡਣਾ ਸੀ ਜੋ ਢਿੱਡ ਦਰਦ ਹੋਣ ਕਾਰਨ ਨਹੀਂ ਖੇਡ ਸਕੇ ਤੇ ਉਨ੍ਹਾਂ ਦੀ ਜਗ੍ਹਾ ਕੋਫਰ ਨੇ ਲਈ।
ਬ੍ਰਿਟੇਨ ਦੇ ਹੀ ਕੈਮਰਨ ਨੌਰੀ ਨੇ ਅਰਜਨਟੀਨਾ ਦੇ ਫੈਡਰਿਕੋ ਡੇਲਬੋਨਿਸ ਨੂੰ 6-2, 6-1 ਨਾਲ ਹਰਾਇਆ। ਅਮਰੀਕਾ ਦੇ ਸੇਬੇਸਟੀਅਨ ਕੋਰਡਾ, ਹੰਗਰੀ ਦੇ ਮਾਰਟਨ ਫੁਕਸੋਵਿਸ, ਬੇਲਾਰੂਸ ਦੇ ਇਲਯਾ ਇਵਾਸ਼ਖਾ ਤੇ ਕਜ਼ਾਖਸਤਾਨ ਦੇ ਅਲੈਕਜ਼ੈਂਡਰ ਬੁਬਲਿਕ ਵੀ ਅਗਲੇ ਦੌਰ 'ਚ ਪਹੁੰਚ ਗਏ।