ਇਸ ਵਰਲਡ ਕੱਪ ''ਚ ਵੱਖ ਤਰ੍ਹਾਂ ਦੀ ਗੇਂਦ ਦਾ ਇਸਤੇਮਾਲ ਹੋ ਰਿਹੈ : ਬੋਲਟ
Friday, Jun 07, 2019 - 05:25 PM (IST)

ਸਪੋਰਟਸ ਡੈਸਕ— ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਨੇ ਕਿਹਾ ਕਿ ਮੌਜੂਦਾ ਵਰਲਡ ਕੱਪ 'ਚ ਜ਼ਿਆਦਾ 'ਚਿਕਨੀ' ਕੂਕਾਬੁਰਾ ਗੇਂਦ ਕਾਰਨ ਜ਼ਿਆਦਾ ਸਵਿੰਗ ਮਿਲ ਰਹੀ ਹੈ ਜਿਸ ਨਾਲ ਗੇਂਦ ਅਤੇ ਬੱਲੇ ਵਿਚਾਲੇ ਬਰਾਬਰੀ ਦਾ ਮੁਕਾਬਲਾ ਹੋ ਰਿਹਾ ਹੈ ਅਤੇ ਘੱਟ ਸਕੋਰ ਵਾਲੇ ਮੈਚ ਵੀ ਰੋਮਾਂਚਕ ਬਣ ਰਹੇ ਹਨ। ਬੁੱਧਵਾਰ ਨੂੰ ਬੰਗਲਾਦੇਸ਼ ਖਿਲਾਫ ਮੈਚ 'ਚ ਵਨ-ਡੇ 'ਚ ਆਪਣਾ 150ਵਾਂ ਵਿਕਟ ਲੈਣ ਵਾਲੇ ਬੋਲਟ ਨੇ ਕਿਹਾ, ''ਇਸ ਟੂਰਨਾਮੈਂਟ 'ਚ ਵੱਖ ਤਰ੍ਹਾਂ ਦੀ ਗੇਂਦ ਦਾ ਇਸਤੇਮਾਲ ਹੋ ਰਿਹਾ ਹੈ। ਗੇਂਦ 'ਚ ਵੱਖ ਤਰ੍ਹਾਂ ਦਾ ਚਿਕਨਾਪਨ ਹੈ, ਉਸ ਨੂੰ ਵੱਖ ਤਰ੍ਹਾਂ ਨਾਲ ਪੇਂਟ ਕੀਤਾ ਗਿਆ ਹੈ। ਇਸ ਲਈ ਗੇਂਦ ਨੂੰ ਥੋੜ੍ਹੀ ਜ਼ਿਆਦਾ ਸਵਿੰਗ ਮਿਲ ਰਹੀ ਹੈ।''
ਉਨ੍ਹਾਂ ਕਿਹਾ, ''ਹਾਲਾਤ ਚੰਗੇ ਹਨ ਪਰ ਮੈਨੂੰ ਲਗਦਾ ਹੈ ਕਿ ਸ਼ੁਰੂਆਤ 'ਚ ਗੇਂਦ ਅਤੇ ਬੱਲੇ ਦਾ ਬਰਾਬਰੀ ਦਾ ਮੁਕਾਬਲਾ ਹੋਣਾ ਚਾਹੀਦਾ ਹੈ ਅਤੇ ਇਹ ਦੇਖਣਾ ਚੰਗਾ ਹੈ ਕਿ ਗੇਂਦ ਸਵਿੰਗ ਹੋ ਰਹੀ ਹੈ।'' ਬੋਲਟ ਨੇ ਭਾਰਤ ਖਿਲਾਫ ਅਭਿਆਸ ਮੈਚ 'ਚ ਵੀ ਚਾਰ ਵਿਕਟ ਝਟਕਾਏ ਸਨ। ਉਨ੍ਹਾਂ ਕਿਹਾ ਕਿ ਦੋ ਨਵੀਆਂ ਗੇਂਦਾਂ ਦੇ ਇਸਤੇਮਾਲ ਹੋਣ ਨਾਲ ਤੇਜ਼ ਗੇਂਦਬਾਜ਼ ਰਿਵਰਸ ਸਵਿੰਗ ਨਹੀਂ ਕਰਾ ਸਕਦੇ। ਉਨ੍ਹਾਂ ਕਿਹਾ, ''ਮੈਂ ਵਨ-ਡੇ 'ਚ ਇਕ ਗੇਂਦ ਦੇ ਇਸਤੇਮਾਲ ਨੂੰ ਦੇਖਣਾ ਚਾਹਾਂਗਾ। ਮੈਨੂੰ ਲਗਦਾ ਹੈ ਕਿ ਰਿਵਰਸ ਸਵਿੰਗ ਦੇ ਆਖਰੀ ਦੇ ਓਵਰਾਂ 'ਚ ਤੇਜ਼ ਗੇਂਦਬਾਜ਼ਾਂ ਨੂੰ ਮਦਦ ਮਿਲਦੀ। ਹੁਣ ਥੋੜ੍ਹੀ ਗ਼ਲਤੀ ਦਾ ਵੀ ਖ਼ਾਮੀਆਜ਼ਾ ਭੁਗਤਨਾ ਪੈਂਦਾ ਹੈ।''