ਸੁਖਬੀਰ ਬਾਦਲ ਦਾ ਪੁਨਰ ਸੁਰਜੀਤੀ ਦਲ ਨੂੰ ਵੱਡਾ ਝਟਕਾ, ਇਸ ਆਗੂ ਦੀ ਹੋਈ ਵਾਪਸੀ
Tuesday, Feb 03, 2026 - 11:43 AM (IST)
ਪਟਿਆਲਾ (ਜ. ਬ.)- ਸ਼੍ਰੋਮਣੀ ਅਕਾਲੀ ਦਲ (ਪੁਰਨ ਸੁਰਜੀਤੀ) ਨੂੰ ਅੱਜ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਕੁਲਦੀਪ ਸਿੰਘ ਨੱਸੂਪੁਰ ਮੁੜ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋ ਗਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਿਸੰਘ ਬਾਦਲ ਅੱਜ ਇਕ ਵਿਆਹ ਸਮਾਗਮ ਵਿਚ ਸ਼ਾਮਲ ਹੋਏ ਸਨ ਅਤੇ ਉਥੇ ਹੀ ਕਮੇਟੀ ਮੈਂਬਰ ਕੁਲਦੀਪ ਸਿੰਘ ਨੱਸੂਪੁਰ ਵੀ ਮੌਜੂਦ ਸਨ ਤੇ ਦੋਵਾਂ ਆਗੂਆਂ ਵਿਚਾਲੇ ਹੋਈ ਗੱਲਬਾਤ ਮਗਰੋਂ ਸ਼ਮੂਲੀਅਤ ਦਾ ਫੈਸਲਾ ਹੋਇਆ। ‘ਇਕ ਪੰਥ ਦੋ ਕਾਜ’ ਵਾਲੀ ਕਹਾਵਤ ਅਨੁਸਾਰ ਨਾਲੇ ਤਾਂ ਦੋਵਾਂ ਆਗੂਆਂ ਨੇ ਵਿਆਹ ਦਾ ਲੁਤਫ ਲਿਆ, ਨਾਲੇ ਉਨ੍ਹਾਂ ਘਰ ਵਾਪਸੀ ਕਰ ਲਈ।
ਸੁਖਬੀਰ ਬਾਦਲ ਨੇ ਕੁਲਦੀਪ ਸਿੰਘ ਦੀ ਵਾਪਸੀ ਦਾ ਸੁਆਗਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਆਉਣ ਨਾਲ ਪਾਰਟੀ ਹੋਰ ਮਜ਼ਬੂਤ ਹੋਵੇਗੀ। ਉਨ੍ਹਾਂ ਕਿਹਾ ਕਿ ਚੁੱਲ੍ਹਾ ਦਲ ਹੌਲੀ-ਹੌਲੀ ਟੁੱਟ ਰਿਹਾ ਹੈ ਅਤੇ ਉਸ ਦੇ ਆਗੂਆਂ ਵੱਲੋਂ ਜਿਹੜੇ ਆਗੂਆਂ ਤੇ ਵਰਕਰਾਂ ਨੂੰ ਗੁੰਮਰਾਹ ਕਰ ਕੇ ‘ਚੁੱਲ੍ਹਾ ਦਲ’ ਵਿਚ ਲਿਜਾਇਆ ਗਿਆ ਸੀ, ਨੂੰ ਹੁਣ ਸਮਝ ਆਉਣ ਲੱਗ ਪਈ ਹੈ ਕਿ ਉਨ੍ਹਾਂ ਨੂੰ ਗੁੰਮਰਾਹ ਕੀਤਾ ਗਿਆ ਸੀ ਤੇ ਮਾਂ-ਪਾਰਟੀ ਤੋਂ ਵੱਖ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਚੁੱਲ੍ਹਾ ਦਲ ਦੇ ਆਗੂ ਕੇਂਦਰੀ ਏਜੰਸੀਆਂ ਦੇ ਹੱਥਾਂ ’ਚ ਖੇਡ ਰਹੇ ਹਨ ਅਤੇ ਪੰਥ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਚਾਲਾਂ ਨੂੰ ਹੁਣ ਅਕਾਲੀ ਵਰਕਰ ਤੇ ਆਗੂ ਕਾਮਯਾਬ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਕੁਲਦੀਪ ਸਿੰਘ ਨੂੰ ਪਾਰਟੀ ’ਚ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ। ਸੁਖਬੀਰ ਬਾਦਲ ਨੇ ਕਿਹਾ ਕਿ ਆਏ ਦਿਨ ਪਾਰਟੀ ’ਚ ਆਗੂਆਂ ਦੀ ਵਾਪਸੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਮਾਣਾ ਹਲਕੇ ’ਚ ਆਪਣੇ ਆਪ ਨੂੰ ਵੱਡਾ ਤੇ ਅਮੀਰ ਵਿਅਕਤੀ ਦੱਸਣ ਵਾਲੇ ਚੁੱਲ੍ਹਾ ਆਗੂ ਦੀ ਵੀ ਹਵਾ ਨਿਕਲ ਗਈ ਹੈ ਤੇ ਉਸ ਦੇ ਪੈਰਾਂ ਹੇਠੋਂ ਹੀ ਜ਼ਮੀਨ ਖਿਸਕਣ ਲੱਗ ਪਈ ਹੈ।
ਇਹ ਵੀ ਪਤਾ ਲੱਗਿਆ ਹੈ ਕਿ ਨੱਸੂਪੁਰ ਪਿਛਲੇ ਅਰਸੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇਜਿੰਦਰ ਸਿੰਘ ਮਿੱਠੂਖੇੜਾ ਦੇ ਸੰਪਰਕ ’ਚ ਸੀ ਤੇ ਉਨ੍ਹਾਂ ਦੇ ਯਤਨਾਂ ਸਦਕਾ ਹੀ ਉਨ੍ਹਾਂ ਨੇ ਇਹ ਫੈਸਲਾ ਲਿਆ ਹੈ।
