ਨਿਸ਼ਾਨੇਬਾਜ਼ ਗੁਰਜੋਤ ਅਤੇ ਗਨੇਮਤ ਨੂੰ ਇਟਲੀ ''ਚ ਸਿਖਲਾਈ ਲੈਣ ਦੀ ਮਿਲੀ ਇਜਾਜ਼ਤ
Friday, May 19, 2023 - 12:51 PM (IST)
ਨਵੀਂ ਦਿੱਲੀ (ਭਾਸ਼ਾ)- ਖੇਡ ਮੰਤਰਾਲਾ ਦੇ ਮਿਸ਼ਨ ਓਲੰਪਿਕ ਸੈੱਲ (ਐੱਮ.ਓ.ਸੀ.) ਨੇ ਨਿਸ਼ਾਨੇਬਾਜ਼ ਗਨੇਮਤ ਸੇਖੋਂ ਅਤੇ ਗੁਰਜੋਤ ਸਿੰਘ ਨੂੰ ਕ੍ਰਮਵਾਰ ਆਪਣੇ ਵਿਦੇਸ਼ੀ ਕੋਚ ਪਿਏਰੋ ਗੇਂਗਾ ਅਤੇ ਐਨੀਓ ਫਾਲਕੋ ਦੀ ਅਗਵਾਈ ਵਿੱਚ ਇਟਲੀ ਵਿੱਚ ਸਿਖਲਾਈ ਲਈ ਮਨਜ਼ੂਰੀ ਦੇ ਦਿੱਤੀ ਹੈ।
ਹਾਲ ਹੀ ਵਿੱਚ ਕਾਹਿਰਾ ਵਿੱਚ ਆਈ.ਐੱਸ.ਐੱਸ.ਐੱਫ. ਵਿਸ਼ਵ ਕੱਪ ਵਿੱਚ ਮਿਕਸਡ ਟੀਮ ਮੁਕਾਬਲੇ ਵਿੱਚ ਸੋਨ ਤਮਗਾ ਜਿੱਤਣ ਵਾਲੀ ਗਨੇਮਤ ਮੌਜੂਦਾ ਸਮੇਂ ਵਿੱਚ ਦੇਸ਼ ਦੀ ਨੰਬਰ ਇੱਕ ਮਹਿਲਾ ਸਕੀਟ ਨਿਸ਼ਾਨੇਬਾਜ਼ ਹੈ। ਉਹ ਇਟਲੀ ਦੇ ਸ਼ਹਿਰ ਬਾਰੀ ਵਿੱਚ 11 ਦਿਨਾਂ ਦੀ ਟ੍ਰੇਨਿੰਗ ਕਰੇਗੀ। ਗੁਰਜੋਤ 10 ਦਿਨ ਇਟਲੀ ਦੇ ਕੈਪੂਆ ਵਿੱਚ ਅਭਿਆਸ ਕਰਨਗੇ। ਇਹ ਦੋਵੇਂ ਨਿਸ਼ਾਨੇਬਾਜ਼ ਟਾਰਗੇਟ ਓਲੰਪਿਕ ਪੋਡੀਅਮ ਪ੍ਰੋਗਰਾਮ (ਟੌਪਸ) ਵਿੱਚ ਸ਼ਾਮਲ ਹਨ। ਉਹ ਆਗਾਮੀ ਆਈ.ਐੱਸ.ਐੱਸ.ਐੱਫ. ਵਿਸ਼ਵ ਚੈਂਪੀਅਨਸ਼ਿਪ ਅਤੇ ਏਸ਼ੀਅਨ ਖੇਡਾਂ ਦੀਆਂ ਤਿਆਰੀਆਂ ਲਈ ਇਟਲੀ ਵਿੱਚ ਅਭਿਆਸ ਕਰਨਗੇ।