ਟੋਕੀਓ ਓਲੰਪਿਕ ’ਚ ਪ੍ਰਸ਼ੰਸਕਾਂ ਨੂੰ ਲੈ ਕੇ ਅਜੇ ਤਕ ਕੋਈ ਸਪੱਸ਼ਟ ਫ਼ੈਸਲਾ ਨਹੀਂ
Friday, Jul 02, 2021 - 06:33 PM (IST)
ਟੋਕੀਓ— ਟੋਕੀਓ ਓਲੰਪਿਕ ਸ਼ੁਰੂ ਹੋਣ ’ਚ ਲਗਭਗ ਤਿੰਨ ਹਫ਼ਤੇ ਬਚੇ ਹਨ ਤੇ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਖੇਡਾਂ ਦੇ ਦੌਰਾਨ ਪ੍ਰਸ਼ੰਸਕਾਂ ਦੀ ਮੌਜੂਦਗੀ ਨੂੰ ਲੈ ਕੇ ਅਜੇ ਤਕ ਕੋਈ ਸਪੱਸ਼ਟ ਫ਼ੈਸਲਾ ਨਹੀਂ ਹੋਇਆ ਹੈ। ਟੋਕੀਓ ਓਲੰਪਿਕ 2020 ਆਯੋਜਨ ਕਮੇਟੀ ਦੀ ਪ੍ਰਧਾਨ ਸੀ. ਕੇ. ਹਾਸ਼ੀਮੋਤੋ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਨ੍ਹਾਂ ਖੇਡਾਂ ਦੇ ਦੌਰਾਨ ਪ੍ਰਸ਼ੰਸਕਾਂ ’ਤੇ ਪਾਬੰਦੀ ਲਗਾਉਣਾ ਵੀ ਇਕ ਬਦਲ ਹੈ। ਇਹ ਹਾਲਾਂਕਿ ਆਯੋਜਕਾਂ ਵੱਲੋਂ 10 ਦਿਨ ਪਹਿਲਾਂ ਕੀਤੇ ਗਏ ਫ਼ੈਸਲੇ ਦੇ ਉਲਟ ਹੈ। ਉਸ ਫ਼ੈਸਲੇ ’ਚ ਕਿਹਾ ਗਿਆ ਸੀ ਕਿ ਸੀਮਿਤ ਗਿਣਤੀ ’ਚ ਸਥਾਨਕ ਪ੍ਰਸ਼ੰਸਕਾਂ (ਵੱਧ ਤੋਂ ਵੱਧ 10,000) ਨੂੰ ਸਟੇਡੀਅਮ ’ਚ ਆਉਣ ਦੀ ਇਜਾਜ਼ਤ ਹੋਵੇਗੀ।
ਮਹਾਮਾਰੀ ਕਾਰਨ ਵਿਦੇਸ਼ੀ ਪ੍ਰਸ਼ੰਸਕਾਂ ’ਤੇ ਪਹਿਲਾਂ ਹੀ ਬੈਨ ਲਾ ਦਿੱਤਾ ਗਿਆ ਸੀ। ਟੋਕੀਓ ’ਚ ਵਾਇਰਸ ਦੇ ਇਨਫ਼ੈਕਸ਼ਨ ਦੇ ਮਾਮਲੇ ਵਧ ਰਹੇ ਹਨ ਜਿਸ ’ਚ ਤੇਜ਼ੀ ਨਾਲ ਫ਼ੈਲਣ ਵਾਲਾ ਇਸ ਦਾ ਡੈਲਟਾ ਸਵਰੂਪ ਵੀ ਸ਼ਾਮਲ ਹੈ। ਓਲੰਪਿਕ ਤੇ ਪੈਰਾਲੰਪਿਕ ਖੇਡਾਂ ਦੇ ਦੌਰਾਨ ਜਾਪਾਨ ’ਚ 15,400 ਖਿਡਾਰੀਆਂ ਦੇ ਨਾਲ ਹਜ਼ਾਰਾਂ ਦੀ ਗਿਣਤੀ ’ਚ ਹੋਰ ਲੋਕ ਵੀ ਆਉਣਗੇ ਜਿਸ ਨਾਲ ਇਸ ’ਤੇ ‘ਸੁਪਰ ਸਪ੍ਰੈਡਰ ਈਵੈਂਟ’ ਭਾਵ ਕੋਵਿਡ-19 ਇਨਫ਼ੈਕਸ਼ਨ ਫ਼ੈਲਾਉਣ ਵਾਲਾ ਆਯੋਜਨ ਬਣਨ ਦਾ ਖ਼ਤਰਾ ਹੈ। ਅਗਲੇ ਹਫ਼ਤੇ ਕੌਮਾਂਤਰੀ ਓਲੰਪਿਕ ਕਮੇਟੀ, ਸਥਾਨਕ ਆਯੋਜਕਾਂ, ਜਾਪਾਨ ਸਰਕਾਰ, ਟੋਕੀਓ ਮਹਾਨਗਰ ਸਰਕਾਰ ਤੇ ਅਧਿਕਾਰੀਆਂ ਤੇ ਕੌਮਾਂਤਰੀ ਪੈਰਾਲੰਪਿਕ ਕਮੇਟੀ ਦੀ ਬੈਠਕ ਦੇ ਬਾਅਦ ਪ੍ਰਸ਼ੰਸਕਾਂ ਬਾਰੇ ਇਸ ਸਬੰਧੀ ਐਲਾਨ ਕੀਤਾ ਜਾ ਸਕਦਾ ਹੈ।