ਅੱਜ ਕਬੱਡੀ ਮੈਚਾਂ 'ਤੇ ਰਹਿਣਗੀਆਂ ਪੂਰੇ ਦੇਸ਼ ਦੀਆਂ ਨਜ਼ਰਾਂ

09/15/2018 3:08:23 PM

ਨਵੀਂ ਦਿੱਲੀ— ਏਸ਼ੀਆਈ ਖੇਡਾਂ ਵਿਚ ਆਪਣੇ ਖਿਤਾਬ ਗੁਆਉਣ ਵਾਲੀਆਂ ਭਾਰਤੀ ਪੁਰਸ਼ ਤੇ ਮਹਿਲਾ ਕਬੱਡੀ ਟੀਮਾਂ ਨੂੰ ਸ਼ਨੀਵਾਰ ਇਥੇ ਇੰਦਰਾ ਗਾਂਧੀ ਸਟੇਡੀਅਮ ਵਿਚ  ਆਪਣੇ-ਆਪਣੇ ਵਰਗ ਵਿਚ ਇਕ ਅਜਿਹਾ ਮੈਚ ਖੇਡਣਾ ਪਵੇਗਾ, ਜਿਸ 'ਤੇ ਪੂਰੇ ਦੇਸ਼ ਦੀਆਂ ਨਜ਼ਰਾਂ ਹੋਣਗੀਆਂ।
ਏਸ਼ੀਆਈ ਖੇਡਾਂ ਵਿਚ ਉਤਰਨ ਵਾਲੀਆਂ ਟੀਮਾਂ ਤੇ ਇਨ੍ਹਾਂ ਟੀਮਾਂ ਵਿਚ ਨਾ ਚੁਣੇ ਗਏ ਖਿਡਾਰੀਆਂ ਵਿਚਾਲੇ ਇਹ ਮੁਕਾਬਲਾ ਖੇਡਿਆ ਜਾਵੇਗਾ ਤੇ ਇਸ ਮੈਚ ਦੀ ਨਿਗਰਾਨੀ ਬਾਕਾਇਦਾ ਇਕ ਜੱਜ ਕਰੇਗਾ। ਭਾਰਤੀ ਖੇਡਾਂ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੋਵੇਗਾ, ਜਦੋਂ ਨਿਆਇਕ ਵਿਵਸਥਾ ਦੀ ਨਿਗਰਾਨੀ ਵਿਚ ਕਬੱਡੀ ਮੈਚ ਖੇਡਿਆ ਜਾਵੇਗਾ। ਇਹ ਮੈਚ ਦਿੱਲੀ ਹਾਈਕੋਰਟ ਦੇ ਪਿਛਲੇ ਮਹੀਨੇ ਦੇ ਹੁਕਮਾਂ ਅਨੁਸਾਰ ਖੇਡਿਆ ਜਾ ਰਿਹਾ ਹੈ। ਇਸ ਪੂਰੀ ਚੋਣ ਪ੍ਰਕਿਰਿਆ ਦੀ ਬਾਕਾਇਦਾ ਵੀਡੀਓ ਰਿਕਾਰਡਿੰਗ ਹੋਵੇਗੀ ਤੇ ਇਸ ਨੂੰ ਸਾਈ ਅਤੇ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। 
ਦਰਅਸਲ, ਭਾਰਤੀ ਐਮੇਚਿਓਰ ਕਬੱਡੀ ਮਹਾਸੰਘ ਦੇ ਅਧਿਕਾਰੀਆਂ 'ਤੇ ਏਸ਼ੀਆਈ ਖੇਡਾਂ ਲਈ ਟੀਮਾਂ ਦੀ ਚੋਣ ਵਿਚ ਪੱਖਪਾਤ ਦੇ ਦੋਸ਼ ਲੱਗੇ ਹਨ। ਦਿੱਲੀ ਹਾਈਕੋਰਟ ਦੇ ਮੁੱਖ ਜੱਜ ਰਾਜੇਂਦਰ ਮੈਨਨ ਤੇ ਜੱਜ ਵੀ. ਕੇ. ਰਾਓ ਦੀ ਬੈਂਚ ਨੇ ਕਬੱਡੀ ਮਹਾਸੰਘ ਨੂੰ ਹੁਕਮ ਦਿੱਤਾ ਸੀ ਕਿ ਉਹ 15 ਸਤੰਬਰ ਨੂੰ ਇਕ ਮੈਚ ਆਯੋਜਿਤ ਕਰਨ। ਦਿੱਲੀ ਹਾਈਕੋਰਟ ਦੇ ਰਿਟਾ. ਜੱਜ ਐੱਸ. ਪੀ. ਗਰਗ ਨੂੰ ਇਸ ਚੋਣ ਪ੍ਰਕਿਰਿਆ ਤੇ ਮੈਚ ਲਈ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੇ ਨਾਲ ਖੇਡ ਮੰਤਰਾਲਾ ਦਾ ਇਕ ਅਧਿਕਾਰੀ ਵੀ ਰਹੇਗਾ।


Related News