ਟਿੱਕਾ ਸੋਢੀ ਨੇ ਰਾਸ਼ਟਰੀ ਸ਼ੂਟਿੰਗ ਚੈਂਪੀਅਨਸ਼ਿਪ ''ਚ ਜਿੱਤੇ 3 ਤਮਗੇ

12/30/2019 1:47:13 AM

ਮੋਹਾਲੀ (ਜ. ਬ.)— ਭੋਪਾਲ ਵਿਖੇ ਚੱਲ ਰਹੀ 63ਵੀਂ ਰਾਸ਼ਟਰੀ ਸ਼ੂਟਿੰਗ ਚੈਂਪੀਅਨਸ਼ਿਪ ਦੌਰਾਨ ਸ਼ਾਨਦਾਰ ਨਿਸ਼ਾਨੇਬਾਜ਼ੀ ਦਾ ਪ੍ਰਦਰਸ਼ਨ ਕਰਦਿਆਂ ਸਥਾਨਕ ਲਰਨਿੰਗ ਪਾਥਸ ਸਕੂਲ ਦੇ ਵਿਦਿਆਰਥੀ ਟਿੱਕਾ ਜੈ ਸਿੰਘ ਸੋਢੀ ਨੇ 25 ਮੀਟਰ ਪਿਸਟਲ ਦੇ ਵੱਖ-ਵੱਖ ਈਵੈਂਟ ਵਿਚ ਇਕ ਸੋਨ, ਇਕ ਚਾਂਦੀ ਅਤੇ ਇਕ ਕਾਂਸੀ ਦਾ ਤਮਗਾ ਜਿੱਤ ਕੇ ਸਕੂਲ ਅਤੇ ਮੋਹਾਲੀ ਦਾ ਨਾਂ ਰੌਸ਼ਨ ਕੀਤਾ । ਟਿੱਕਾ ਸੋਢੀ ਨੇ ਰੈਪਿਡ ਫਾਇਰ ਪਿਸਟਲ ਵਿਚ ਵੀ ਇਕ ਸੋਨ ਤਮਗਾ (ਟੀਮ) ਅਤੇ ਇਕ ਕਾਂਸੀ ਦਾ ਤਮਗਾ ਜਿੱਤਿਆ। ਇਸ ਤੋਂ ਇਲਾਵਾ ਉਸ ਨੇ ਸਪੋਰਟਸ ਪਿਸਟਲ ਵਿਚ ਵੀ ਇਕ ਚਾਂਦੀ ਦਾ ਤਮਗਾ ਜਿੱਤਿਆ । ਜ਼ਿਕਰਯੋਗ ਹੈ ਕਿ ਟਿੱਕਾ ਜੂਨੀਅਰ ਇੰਡੀਆ ਟੀਮ ਦਾ ਮੈਂਬਰ ਹੈ ਅਤੇ ਦੇਸ਼ ਦੇ ਨਾਮਵਰ ਕੋਚ ਸੁਭਾਸ਼ ਰਾਣਾ ਤੋਂ ਸਿਖਲਾਈ ਲੈ ਰਿਹਾ ਹੈ । ਇਸ ਤੋਂ ਬਾਅਦ ਉਹ ਅੰਤਰਰਾਸ਼ਟਰੀ ਮੁਕਾਬਲਿਆਂ ਲਈ ਕੇਰਲ ਵਿਖੇ ਟਰਾਇਲ ਦੇਣ ਜਾਵੇਗਾ।
ਉਸ ਦੇ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਨੂੰ ਵੇਖਦਿਆਂ ਸਪੋਰਟਸ ਅਥਾਰਟੀ ਆਫ ਇੰਡੀਆ (ਸਾਈ) ਵਲੋਂ ਉਸ ਦੀ ਚੋਣ 10 ਜਨਵਰੀ ਨੂੰ ਗੁਹਾਟੀ (ਆਸਾਮ) ਵਿਖੇ ਹੋਣ ਵਾਲੀਆਂ ਖੇਲੋ ਇੰਡੀਆ ਗੇਮਸ ਲਈ ਕੀਤੀ ਗਈ ਹੈ। ਇਸ ਮੌਕੇ ਮੱਧ ਪ੍ਰਦੇਸ਼ ਦੇ ਡਾਇਰੈਕਟਰ ਜਨਰਲ ਪੁਲਸ ਸੰਜੇ ਰਾਣਾ (ਆਈ. ਪੀ. ਐੱਸ.) ਨੇ ਤਮਗਾ ਜੇਤੂਆਂ ਨੂੰ ਸਨਮਾਨਤ ਕੀਤਾ। ਟਿੱਕਾ ਦੀ ਇਸ ਪ੍ਰਾਪਤੀ 'ਤੇ ਸਕੂਲ ਦੇ ਡਾਇਰੈਕਟਰ ਰੌਬਿਨ ਅਗਰਵਾਲ ਅਤੇ ਪਿੰ੍ਰਸੀਪਲ ਮੈਡਮ ਨੂਤਨ ਨੇ ਉਸ ਨੂੰ ਵਧਾਈ ਦਿੱਤੀ ।


Gurdeep Singh

Edited By Gurdeep Singh