ਨਾਮੀਬੀਆ ਖ਼ਿਲਾਫ਼ ਮੈਚ ਜਿੱਤ ਕੇ ਸ਼੍ਰੀਲੰਕਾ ਦੇ ਕਪਤਾਨ ਸ਼ਨਾਕਾ ਨੇ ਦਿੱਤੀ ਇਹ ਪ੍ਰਤੀਕਿਰਿਆ
Tuesday, Oct 19, 2021 - 05:50 PM (IST)
ਆਬੂ ਧਾਬੀ- ਨਾਮੀਬੀਆ ਖ਼ਿਲਾਫ਼ ਕੌਮਾਂਤਰੀ ਕ੍ਰਿਕਟ ਕੌਂਸਲ (ਆਈ. ਸੀ. ਸੀ.) ਟੀ-20 ਵਰਲਡ ਕੱਪ ਦੇ ਆਪਣੇ ਪਹਿਲੇ ਮੈਚ ਨੂੰ ਜਿੱਤਣ ਦੇ ਬਾਅਦ ਸ਼੍ਰੀਲੰਕਾ ਦੇ ਕਪਤਾਨ ਦਾਸੁਨ ਸ਼ਨਾਕਾ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਸ਼ੁਰੂਆਤੀ ਪੜਾਅ ਦੇ ਤਿੰਨੇ ਮੈਚਾਂ ਨੂੰ ਜਿੱਤ ਕੇ ਮੁੱਖ ਟੂਰਨਾਮੈਂਟ ਦੇ ਲਈ ਆਪਣੀ ਤਿਆਰੀਆਂ ਨੂੰ ਬਿਹਤਰ ਕਰਨਾ ਚਾਹੇਗੀ। ਸ਼ਨਾਕਾ ਨੇ ਕਿਹਾ ਕਿ ਤਿੰਨੇ ਮੈਚਾਂ ਨੂੰ ਜਿੱਤ ਕੇ ਯਕੀਨੀ ਤੌਰ 'ਤੇ ਅਸੀਂ ਚੰਗੀ ਸਥਿਤੀ 'ਚ ਰਹਾਂਗੇ। ਇਸ ਨਾਲ ਮੁੱਖ ਟੂਰਨਾਮੈਂਟ 'ਚ ਸਾਨੂੰ ਹਾਲਾਤਾਂ ਦੇ ਮੁਤਾਬਕ ਢਲਣ 'ਚ ਮਦਦ ਮਿਲੇਗੀ।
ਉਨ੍ਹਾਂ ਨੇ ਪਲੇਅਰ ਆਫ਼ ਦਿ ਮੈਚ ਮਹੀਸ਼ ਥੀਕਸ਼ਨਾ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਉਹ ਅਣਬੁੱਝੇ ਸਪਿਨਰ ਅਜੰਤਾ ਮੇਂਡਿਸ ਦੇ ਨਾਲ ਅਭਿਆਸ ਕਰਦੇ ਹਨ। ਆਪਣਾ ਦੂਜਾ ਟੀ-20 ਕੌਮਾਂਤਰੀ ਮੈਚ ਖੇਡ ਰਹੇ ਮਹੀਸ਼ ਥੀਕਸ਼ਨਾ ਨੇ ਚਾਰ ਓਵਰ 'ਚ 25 ਦੌੜਾਂ ਖ਼ਰਚ ਕਰਕੇ ਤਿੰਨ ਵਿਕਟਾਂ ਲਈਆਂ। ਥੀਕਸ਼ਨਾ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਭਵਿੱਖ 'ਚ ਉਸ ਤੋਂ ਕਾਫ਼ੀ ਉਮੀਦਾਂ ਹਨ। ਥੀਕਸ਼ਨਾ ਨੇ ਆਪਣੇ ਪ੍ਰਦਰਸ਼ਨ 'ਤੇ ਖ਼ੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਕਿ ਮੈਂ ਦੇਸ਼ ਦੀ ਨੁਮਾਇੰਦਗੀ ਕਰਨ 'ਤੇ ਅਸਲ 'ਚ ਬਹੁਤ ਖ਼ੁਸ਼ ਹਾਂ। ਉਨ੍ਹਾਂ ਕਿਹਾ ਕਿ ਮੈਂ ਅਜੇ ਸਿਰਫ਼ 21 ਸਾਲਾਂ ਦਾ ਹਾਂ। ਮੇਰੀ ਸਟਾਕ ਬਾਲ ਆਫ਼ ਸਪਿਨ ਹੈ। ਮੈਂ ਇਕ ਵਾਰ ਸਿਰਫ਼ ਇਕ ਮੈਚ ਬਾਰੇ ਹੀ ਸੋਚ ਰਿਹਾ ਹਾਂ।