ਇੰਗਲੈਂਡ ਖਿਲਾਫ ਤੀਸਰਾ ਵਨ ਡੇ ਮੈਚ ਅੱਜ

Thursday, Feb 28, 2019 - 02:12 AM (IST)

ਮੁੰਬਈ- ਲੜੀ ਪਹਿਲਾਂ ਹੀ ਆਪਣੇ ਨਾਂ ਕਰ ਕੇ ਆਤਮ-ਵਿਸ਼ਵਾਸ ਨਾਲ ਭਰੀ ਭਾਰਤੀ ਮਹਿਲਾ ਕ੍ਰਿਕਟ ਟੀਮ ਇੰਗਲੈਂਡ ਖਿਲਾਫ ਹੋਣ ਵਾਲੇ ਤੀਸਰੇ ਅਤੇ ਆਖਰੀ ਵਨ ਡੇ ਮੈਚ ਵਿਚ ਜਿੱਤ ਨਾਲ ਮਹਿਮਾਨ ਟੀਮ ਦਾ ਸੁਪੜਾ ਸਾਫ ਕਰਨ ਦੇ ਇਰਾਦੇ ਨਾਲ ਉਤਰੇਗੀ। 
ਮਿਤਾਲੀ ਰਾਜ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਪਹਿਲੇ ਵਨ ਡੇ ਮੈਚ ਵਿਚ ਵਿਸ਼ਵ ਚੈਂਪੀਅਨ ਇੰਗਲੈਂਡ ਨੂੰ 66 ਦੌੜਾਂ ਨਾਲ ਹਰਾਉਣ ਤੋਂ ਬਾਅਦ ਦੂਸਰੇ ਮੈਚ ਵਿਚ 7 ਵਿਕਟਾਂ ਨਾਲ ਜਿੱਤ ਦਰਜ ਕਰਦੇ ਹੋਏ 3 ਮੈਚਾਂ ਦੀ ਲੜੀ ਵਿਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਇਸ ਨਾਲ ਮਹੱਤਵਪੂਰਨ ਇਹ ਹੈ ਕਿ ਭਾਰਤ ਨੇ ਆਈ. ਸੀ. ਸੀ. ਮਹਿਲਾ ਚੈਂਪੀਅਨਸ਼ਿਪ ਵਿਚ 4 ਅਹਿਮ ਅੰਕ ਹਾਸਲ ਕੀਤੇ ਹਨ। ਇਸ ਨਾਲ 2021 ਵਿਸ਼ਵ ਕੱਪ ਵਿਚ ਸਿੱਧਾ ਕੁਆਲੀਫਾਈ ਕਰਨ ਦੀਆਂ ਉਸ ਦੀਆਂ ਉਮੀਦਾਂ ਨੂੰ ਫਾਇਦਾ ਮਿਲ ਸਕਦਾ ਹੈ। 
ਭਾਰਤ ਕੋਲ 2 ਹੋਰ ਅੰਕ ਹਾਸਲ ਕਰਨ ਦਾ ਮੌਕਾ ਹੈ। ਇਸ ਤਰ੍ਹਾਂ ਪੂਰੀ ਸੰਭਾਵਨਾ ਹੈ ਕਿ ਭਾਰਤ ਆਖਰੀ ਇਲੈਵਨ ਵਿਚ ਕਿਸੇ ਤਰ੍ਹਾਂ ਦਾ ਪ੍ਰਯੋਗ ਨਹੀਂ ਕਰਨਾ ਚਾਹੇਗਾ। ਨਵੇਂ ਕੋਚ ਡਬਲਯੂ. ਵੀ. ਰਮਨ ਦੀ ਅਗਵਾਈ ਵਿਚ ਭਾਰਤੀ ਟੀਮ ਨੇ ਜੇਤੂ ਲੈਅ ਹਾਸਲ ਕਰ ਲਈ ਹੈ। ਸਲਾਮੀ ਬੱਲੇਬਾਜ਼ ਅਤੇ ਆਈ. ਸੀ. ਸੀ. ਦੀ ਸਾਲ ਦੀ ਸਰਵਸ੍ਰੇਸ਼ਠ ਖਿਡਾਰਨ ਸਮ੍ਰਿਤੀ ਮੰਧਾਨਾ ਸ਼ਾਨਦਾਰ ਫਾਰਮ ਵਿਚ ਹੈ। ਦੂਸਰੇ ਮੈਚ ਵਿਚ ਉਸ ਦੀਆਂ 63 ਦੌੜਾਂ ਦੀ ਬਦੌਲਤ ਭਾਰਤ ਨੇ ਲੜੀ ਵਿਚ ਜੇਤੂ ਬੜ੍ਹਤ ਬਣਾਈ।
ਇੰਗਲੈਂਡ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਆਲਰਾਊਂਡਰ ਸੋਫੀ ਐਕਲੈਸਟੋਨ ਹੱਥ 'ਚ ਫ੍ਰੈਕਚਰ ਕਾਰਨ ਤੀਸਰੇ ਵਨ ਡੇ ਅਤੇ ਬਾਕੀ ਦੌਰੇ 'ਚੋਂ ਬਾਹਰ ਹੋ ਗਈ। ਮਹਿਮਾਨ ਟੀਮ ਵੱਕਾਰ ਬਣਾਉਣ ਅਤੇ ਆਈ. ਸੀ. ਸੀ. ਚੈਂਪੀਅਨਸ਼ਿਪ ਵਿਚ ਮਹੱਤਵਪੂਰਨ 2 ਅੰਕ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ। ਇਸ ਤੋਂ ਬਾਅਦ ਗੁਹਾਟੀ ਵਿਚ ਅਗਲੇ ਮਹੀਨੇ 3 ਟੀ-20 ਅੰਤਰਰਾਸ਼ਟਰੀ ਮੈਚਾਂ ਦੀ ਲੜੀ ਵੀ ਹੋਣੀ ਹੈ। ਆਲਰਾਊਂਡਰ ਨਤਾਲੀ ਸਿਕਵਰ ਅਤੇ ਕਪਤਾਨ ਹੀਥਰ ਨਾਈਟ ਤੋਂ ਇਲਾਵਾ ਟੀਮ ਦੇ ਹੋਰ ਬੱਲੇਬਾਜ਼ ਉਮੀਦ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੇ ਹਨ। ਭਾਰਤੀ ਟੀਮ ਹਾਲਾਂਕਿ ਆਪਣੀ ਸ਼ਾਨਦਾਰ ਫਾਰਮ ਕਾਰਨ ਇਕ ਵਾਰ ਫਿਰ ਮੁੱਖ ਦਾਅਵੇਦਾਰ ਦੇ ਰੂਪ ਵਿਚ ਉਤਰੇਗੀ ਪਰ ਇੰਗਲੈਂਡ ਦੀ ਟੀਮ ਮੇਜ਼ਬਾਨ ਟੀਮ ਨੂੰ ਕਲੀਨ ਸਵੀਪ ਤੋਂ ਰੋਕਣ ਦੇ ਸਮਰੱਥ ਹੈ।


Gurdeep Singh

Content Editor

Related News