ਹਾਕੀ ਵਿਸ਼ਵ ਕੱਪ ਟੂਰਨਾਮੈਂਟ ''ਚ ਸਪੇਨ ਦੀ ਟੀਮ ਦੇਵੇਗੀ ਸਖ਼ਤ ਟੱਕਰ : ਕੋਚ ਗ੍ਰਾਹਮ ਰੀਡ
Saturday, Sep 10, 2022 - 04:08 PM (IST)
ਨਵੀਂ ਦਿੱਲੀ : ਭਾਰਤੀ ਹਾਕੀ ਟੀਮ ਦੇ ਮੁੱਖ ਕੋਚ ਗ੍ਰਾਹਮ ਰੀਡ ਨੇ ਕਿਹਾ ਕਿ ਐੱਫ. ਆਈ. ਐੱਚ. ਵਿਸ਼ਵ ਕੱਪ ਵਿਚ ਭਾਰਤ ਦੇ ਪੂਲ ਵਿਚ ਸਪੇਨ ਦੀ ਮੌਜੂਦਗੀ ਨਾਲ ਲੀਗ ਗੇੜ ਹੀ ਚੁਣੌਤੀਪੂਰਨ ਬਣ ਗਿਆ ਹੈ। ਵਿਸ਼ਵ ਵਿਚ ਪੰਜਵੇਂ ਨੰਬਰ ਦੀ ਭਾਰਤੀ ਟੀਮ ਨੂੰ ਅਗਲੇ ਸਾਲ 13 ਤੋਂ 29 ਜਨਵਰੀ ਦਰਮਿਆਨ ਭੁਵਨੇਸ਼ਵਰ ਵਿਚ ਹੋਣ ਵਾਲੇ ਵਿਸ਼ਵ ਕੱਪ ਵਿਚ ਇੰਗਲੈਂਡ, ਸਪੇਨ ਤੇ ਵੇਲਜ਼ ਨਾਲ ਪੂਲ-ਡੀ ਵਿਚ ਰੱਖਿਆ ਗਿਆ ਹੈ।
ਭਾਰਤ ਨੇ ਇਸ ਸਾਲ ਕਾਮਨਵੈਲਥ ਗੇਮਜ਼ ਵਿਚ ਚਾਂਦੀ ਦਾ ਤਮਗਾ ਜਿੱਤਣ ਦੀ ਆਪਣੀ ਮੁਹਿੰਮ ਦੌਰਾਨ ਇੰਗਲੈਂਡ ਨੂੰ 4-4 ਨਾਲ ਡਰਾਅ ’ਤੇ ਰੋਕਿਆ ਸੀ ਜਦਕਿ ਵੇਲਜ਼ ਨੂੰ 4-1 ਨਾਲ ਹਰਾਇਆ ਸੀ। ਰੀਡ ਨੇ ਕਿਹਾ ਕਿ ਐੱਫ. ਆਈ. ਐੱਚ. ਹਾਕੀ ਵਿਸ਼ਵ ਕੱਪ ਤੇ ਓਲੰਪਿਕ ਦੇ ਪੂਲ ਗੇੜ ਦੇ ਮੁਕਾਬਲੇ ਹਮੇਸ਼ਾ ਮੁਸ਼ਕਲ ਹੁੰਦੇ ਹਨ। ਉਥੇ ਹਰੇਕ ਟੀਮ ਜਿੱਤ ਲਈ ਆਉਂਦੀ ਹੈ। ਅਸੀਂ ਹਾਲ ਹੀ 'ਚ ਬਰਮਿੰਘਮ ਕਾਮਨਵੈਲਥ ਗੇਮਜ਼ 'ਚ ਇੰਗਲੈਂਡ ਤੇ ਵੇਲਸ ਦਾ ਸਾਹਮਣਆ ਕੀਤਾ ਸੀ ਤੇ ਇਹ ਮੈਚ ਕਾਫੀ ਮੁਸ਼ਕਲ ਸਨ। ਉਨ੍ਹਾਂ ਕਿਹਾ- ਇਸ ਤੋਂ ਇਲਾਵਾ ਪਿਛਲੇ 12 ਮਹੀਨਿਆਂ 'ਚ ਲਗਾਤਾਰ ਸੁਧਾਰ ਕਰ ਰਹੇ ਸਪੇਨ ਦੀ ਮੌਜੂਦਗੀ ਨਾਲ ਪਹਿਲ ਦੌਰ ਦੇ ਮੈਚ ਕਾਫੀ ਮੁਸ਼ਕਲ ਹੋ ਜਾਣਗੇ।