ਖਿਡਾਰੀ ਨੇ 52 ਸਾਲ ਦੀ ਉਮਰ ''ਚ ਲਾਇਆ ਦੋਹਰਾ ਸੈਂਕੜਾ

11/23/2020 10:24:05 PM

ਨਵੀਂ ਦਿੱਲੀ– ਕ੍ਰਿਕਟ ਵਿਚ ਉਮਰ ਸਿਰਫ ਇਕ ਅੰਕੜਾ ਹੁੰਦੀ ਹੈ ਤੇ ਇਸ ਗੱਲ ਨੂੰ ਸਾਬਤ ਕਰ ਦਿਖਾਇਆ ਹੈ ਜੀ. ਐੱਸ. ਹੈਰੀ ਨੇ, ਜਿਸ ਨੇ 52 ਸਾਲ ਦੀ ਉਮਰ ਵਿਚ ਦੋਹਰਾ ਸੈਂਕੜਾ ਬਣਾਉਣ ਦਾ ਕਾਰਨਾਮਾ ਕਰ ਦਿਖਾਇਆ ਹੈ। 52 ਸਾਲ ਤੋਂ ਵੱਧ ਦੀ ਉਮਰ ਦੇ ਹੈਰੀ ਨੇ ਇਕ ਕਾਰਪੋਰੇਟ ਮੈਚ ਵਿਚ ਸਿਰਫ 74 ਗੇਂਦਾਂ 'ਤੇ 210 ਦੌੜਾਂ ਦੀ ਅਜੇਤੂ ਪਾਰੀ ਖੇਡੀ, ਜਿਸ ਵਿਚ ਉਸ ਨੇ 19 ਛੱਕੇ ਤੇ 21 ਚੌਕੇ ਲਾਏ। 
ਹੈਰੀ ਨੇ ਦਿੱਲੀ ਦੇ ਪਰਮਾਰਥ ਖੇਡ ਮੈਦਾਨ 'ਤੇ ਖੇਡੇ ਗਏ ਇਸ ਮੁਕਾਬਲੇ ਵਿਚ ਨਾ ਸਿਰਫ ਦੋਹਰਾ ਸੈਂਕੜਾ ਬਣਾਇਆ ਸਗੋਂ 10ਵੀਂ ਵਿਕਟ ਲਈ 260 ਦੌੜਾਂ ਦੀ ਸਾਂਝੇਦਾਰੀ ਵੀ ਕੀਤੀ ਹੈ। ਹੈਰੀ ਨੇ ਇਸ ਤੋਂ ਪਹਿਲਾਂ 2010 ਵਿਚ ਸਿਰਫ 25 ਗੇਂਦਾਂ 'ਤੇ 104 ਦੌੜਾਂ ਦੀ ਤਾਬੜਤੋੜ ਸੈਂਕੜੇ ਵਾਲੀ ਪਾਰੀ ਖੇਡੀ ਸੀ। ਹੈਰੀ ਦਾ ਮੰਨਣਾ ਹੈ ਕਿ ਖੇਡਾਂ ਵਿਚ ਜਦੋਂ ਕਿਸੇ ਦੇ ਅੰਦਰ ਕੁਝ ਕਰ ਦਿਖਾਉਣ ਦਾ ਜਜ਼ਬਾ ਤੇ ਜਨੂੰਨ ਹੋਵੇ ਤਾਂ ਉਮਰ ਕੋਈ ਮਾਇਨੇ ਨਹੀਂ ਰੱਖਦੀ ਹੈ।
ਇਸ ਮੁਕਾਬਲੇ ਵਿਚ ਜੋਸ਼ਨਾ ਕ੍ਰਿਕਟ ਕਲੱਬ ਨੇ 387 ਦੌੜਾਂ ਬਣਾਈਆਂ, ਜਿਸ ਵਿਚ ਮ੍ਰਿਦੁਲ ਆਰੀਆ ਨੇ 132 ਤੇ ਰਾਮਾ ਜੋਸ਼ਨਾ ਨੇ 119 ਦੌੜਾਂ ਦਾ ਯੋਗਦਾਨ ਦਿੱਤਾ। ਇਸ ਦੇ ਜਵਾਬ ਵਿਚ ਜੀ. ਐੱਸ. ਹੈਰੀ ਦੀ ਅਕੈਡਮੀ ਟੀਮ ਨੇ 331 ਦੌੜਾਂ ਬਣਾਈਆਂ। ਹੈਰੀ ਦੀ ਟੀਮ ਹਾਰ ਗਈ ਪਰ ਹੈਰੀ ਨੂੰ ਉਸ ਦੇ ਅਜੇਤੂ ਦੋਹਰੇ ਸੈਂਕੜੇ ਲਈ 'ਪਲੇਅਰ ਆਫ ਦਿ ਮੈਚ' ਦਾ ਐਵਾਰਡ ਦਿੱਤਾ ਗਿਆ।


Gurdeep Singh

Content Editor

Related News