ਤ੍ਰਿਸ਼ਾ ਅਤੇ ਗਾਇਤਰੀ ਦੀ ਜੋੜੀ ਸਵਿਸ ਓਪਨ ਦੇ ਅਗਲੇ ਦੌਰ ’ਚ ਪਹੁੰਚੀ
Thursday, Mar 21, 2024 - 11:46 AM (IST)
ਬੇਸਲ- ਤ੍ਰਿਸ਼ਾ ਜਾਲੀ ਅਤੇ ਗਾਇਤਰੀ ਗੋਪੀਚੰਦ ਦੀ ਭਾਰਤੀ ਜੋੜੀ ਸਵਿਸ ਓਪਨ 2024 ਬੈਡਮਿੰਟਨ ਦੇ ਮਹਿਲਾ ਡਬਲ ਮੁਕਾਬਲੇ ’ਚ ਅਮਰੀਕਾ ਦੀ ਏਨੀ ਜੂ ਅਤੇ ਕੈਰੀ ਜੂ ਦੀ ਜੋੜੀ ਨੂੰ ਹਰਾ ਕੇ ਅਗਲੇ ਦੌਰ ’ਚ ਪਹੁੰਚੀ ਗਈ ਹੈ। ਸਵਿਟਜ਼ਰਲੈਂਡ ਦੇ ਬੇਸਲ ’ਚ ਸੇਂਟ ਜੈਕਬਸ਼ਾਲੇ ਏਰਿਨਾ ’ਚ ਮੰਗਲਵਾਰ ਨੂੰ ਹੋਏ ਮੁਕਾਬਲੇ ’ਚ 8ਵਾਂ ਦਰਜਾ ਪ੍ਰਾਪਤ ਭਾਰਤੀ ਬੈਡਮਿੰਟਨ ਖਿਡਾਰੀ ਤ੍ਰਿਸ਼ਾ ਅਤੇ ਗਾਇਤਰੀ ਨੇ ਰਾਊਂਡ ਆਫ 32 ’ਚ ਅਮਰੀਕਾ ਦੀ ਏਨੀ ਜੂ ਅਤੇ ਕੈਰੀ ਜੂ ਦੀ ਜੋੜੀ ’ਤੇ ਸ਼ੁਰੂਆਤ ਤੋਂ ਹੀ ਦਬਾਅ ਬਣਾ ਕੇ ਰੱਖਿਆ ਅਤੇ ਸਿੱਧੀ ਗੇਮ ’ਚ ਉਸ ਨੇ 21-15, 21-12 ਨਾਲ ਹਰਾ ਕੇ ਅਗਲੇ ਰਾਊਂਡ ਵਿਚ ਜਗ੍ਹਾ ਬਣਾਈ। ਉੱਥੇ ਹੀ ਦੂਸਰੇ ਪਾਸੇ ਇਕ ਹੋਰ ਮੁਕਾਬਲੇ ’ਚ ਰੂਤਪਰਣਾ ਪਾਂਡਾ ਅਤੇ ਸਵੇਤਾਪਰਣਾ ਪਾਂਡਾ ਦੀ ਭਾਰਤੀ ਜੋੜੀ ਨੂੰ ਰਾਊਂਡ ਆਫ 32 ’ਚ ਇੰਡੋਨੇਸ਼ੀਆਈ ਜੋੜੀ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ। ਇੰਡੋਨੇਸ਼ੀਆ ਦੀ ਅਪ੍ਰਿਯਾਨੀ ਰਾਹਾਯੂ ਅਤੇ ਸਿਤੀ ਫਾਦਿਯਾ ਸਿਲਵਾ ਨੇ 21-4, 21-6 ਨਾਲ ਰੂਤਪਰਣਾ ਅਤੇ ਸਵੇਤਾਪਰਣਾ ਦੀ ਜੋੜੀ ਨੂੰ ਹਰਾਇਆ। ਅਸ਼ਵਨੀ ਭੱਟ ਅਤੇ ਸ਼ਿਖਾ ਗੌਤਮ ਦੀ ਜੋੜੀ ਨੂੰ ਹਾਂਗਕਾਂਗ ਦੀ ਮਹਿਲਾ ਡਬਲ ਜੋੜੀ ਯੇਓਂਗ ਨਗਾ ਟਿੰਗ ਅਤੇ ਯੇਉਂਗ ਪੁਈ ਲਾਮ ਨੇ 21-13, 16-21, 21-14 ਨਾਲ ਹਰਾਇਆ। ਇਕ ਘੰਟਾ ਅਤੇ 6 ਮਿੰਟ ਤੱਕ ਚੱਲੇ ਇਸ ਮੁਕਾਬਲੇ ’ਚ ਭਾਰਤੀ ਜੋੜੀ ਨੇ ਦੂਸਰੀ ਗੇਮ ਨੂੰ ਆਪਣੇ ਨਾਂ ਕਰਦੇ ਹੋਏ ਮੁਕਾਬਲੇ ਨੂੰ ਫੈਸਲਾਕੁੰਨ ਗੇਮ ’ਚ ਪਹੁੰਚਾਇਆ ਪਰ ਅਖੀਰ ’ਚ ਅਸ਼ਵਿਨ ਅਤੇ ਸ਼ਿਖਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਮਹਿਲਾ ਡਬਲ ’ਚ ਸਿਮਰਨ ਸਿੰਘੀ ਅਤੇ ਰਿਤਿਕਾ ਠਾਕੁਰ ਦੀ ਜੋੜੀ ਨੂੰ ਇੰਡੋਨੇਸ਼ੀਆ ਦੀ ਲੈਨੀ ਟ੍ਰਾਇਆ ਮਾਇਆਸਾਰੀ-ਰਿਬਕਾ ਸੁਗਿਯਾ ਖਿਲਾਫ ਸਿੱਧੇ ਗੇਮ ’ਚ ਹਾਰ ਮਿਲੀ।