ਉਜਬੇਕਿਸਤਾਨ ਨੂੰ ਸਖਤ ਟੱਕਰ ਦੇਣ ਲਈ ਉਤਰੇਗੀ ਭਾਰਤੀ ਫੁੱਟਬਾਲ ਟੀਮ

Wednesday, Jan 17, 2024 - 07:09 PM (IST)

ਉਜਬੇਕਿਸਤਾਨ ਨੂੰ ਸਖਤ ਟੱਕਰ ਦੇਣ ਲਈ ਉਤਰੇਗੀ ਭਾਰਤੀ ਫੁੱਟਬਾਲ ਟੀਮ

ਅਲ ਰੇਯਾਨ (ਕਤਰ), (ਭਾਸ਼ਾ)– ਆਪਣੇ ਪਹਿਲੇ ਮੈਚ ਵਿਚ ਆਸਟ੍ਰੇਲੀਆ ਦੀ ਮਜ਼ਬੂਤ ਟੀਮ ਸਾਹਮਣੇ ਚੁਣੌਤੀ ਪੇਸ਼ ਕਰਨ ਵਾਲੀ ਭਾਰਤੀ ਟੀਮ ਵੀਰਵਾਰ ਨੂੰ ਇੱਥੇ ਏਸ਼ੀਆ ਕੱਪ ਫੁੱਟਬਾਲ ਟੂਰਨਾਮੈਂਟ ਦੇ ਆਪਣੇ ਦੂਜੇ ਗਰੁੱਪ ਮੈਚ ਵਿਚ ਉਜਬੇਕਿਸਤਾਨ ਦਾ ਸਾਹਮਣਾ ਕਰੇਗੀ ਤੇ ਉਸਦਾ ਟੀਚਾ ਪਿਛਲੇ ਮੈਚ ਦੀ ਤੁਲਨਾ ਵਿਚ ਬਿਹਤਰ ਪ੍ਰਦਰਸ਼ਨ ਕਰਨਾ ਹੋਵੇਗਾ। ਭਾਰਤ ਨੇ 13 ਜਨਵਰੀ ਨੂੰ ਖੇਡੇ ਗਏ ਆਪਣੇ ਪਹਿਲੇ ਮੈਚ ਵਿਚ ਖਿਤਾਬ ਦੇ ਪ੍ਰਮੁੱਖ ਦਾਅਵੇਦਾਰ ਆਸਟ੍ਰੇਲੀਆ ਨੂੰ 50 ਮਿੰਟ ਤਕ ਸਫਲਤਾ ਹਾਸਲ ਨਹੀਂ ਕਰਨ ਦਿੱਤੀ ਸੀ ਪਰ ਆਖਿਰ ਵਿਚ ਉਸ ਨੂੰ 0-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਆਸਟ੍ਰੇਲੀਆ ਨੇ ਹਮਲਵਾਰ ਰਵੱਈਆ ਅਪਣਾਇਆ ਪਰ ਸੁਨੀਲ ਸ਼ੇਤਰੀ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਉਸ ਨੂੰ ਵੱਡੇ ਫਰਕ ਨਾਲ ਜਿੱਤ ਦਰਜ ਨਹੀਂ ਕਰਨ ਦਿੱਤੀ। ਭਾਰਤੀ ਡਿਫੈਂਡਰਾਂ ਨੇ ਪਹਿਲੇ ਹਾਫ ਵਿਚ ਚੰਗੀ ਖੇਡ ਦਿਖਾਈ ਤੇ ਉਜਬੇਕਿਸਤਾਨ ਵਿਰੁੱਧ ਉਹ ਇਸ ਨੂੰ ਜਾਰੀ ਰੱਖਣ ਦੀ ਕੋਸ਼ਿਸ਼ ਕਰਨਗੇ। ਉਜਬੇਕਿਸਤਾਨ ਨੇ ਆਪਣਾ ਪਹਿਲਾ ਮੈਚ ਸੀਰੀਆ ਵਿਰੁੱਧ ਗੋਲ ਰਹਿਤ ਡਰਾਅ ਖੇਡਿਆ ਸੀ। ਭਾਰਤ ਵਿਸ਼ਵ ਰੈਂਕਿੰਗ ਵਿਚ 102ਵੇਂ ਜਦਕਿ ਉਜਬੇਕਿਸਤਾਨ 68ਵੇਂ ਨੰਬਰ ’ਤੇ ਹੈ। ਸ਼ੇਤਰੀ ਨੇ ਹਾਲਾਂਕਿ ਕਿਹਾ ਕਿ ਉਜਬੇਕਿਸਤਾਨ ਦੀ ਟੀਮ ਆਸਟ੍ਰੇਲੀਆ ਦੀ ਤਰ੍ਹਾਂ ਮਜ਼ਬੂਤ ਨਹੀਂ ਹੈ ਤੇ ਭਾਰਤ ਉਸ ਨੂੰ ਸਖਤ ਚੁਣੌਤੀ ਦੇਣ ਲਈ ਤਿਆਰ ਹੈ।


author

Tarsem Singh

Content Editor

Related News