ਵਰਲਡ ਕੱਪ ਫਾਈਨਲ 'ਚ ਹੋਇਆ ਸੀ ਵਿਵਾਦ, ਹੁਣ ICC ਨੇ ਬਦਲ ਦਿੱਤਾ ਸੁਪਰ ਓਵਰ ਦਾ ਨਿਯਮ

10/15/2019 12:49:07 PM

ਦੁਬਈ— ਵਿਸ਼ਵ ਕੱਪ ਕ੍ਰਿਕਟ ਵਿਚ ਜੁਲਾਈ ਵਿਚ ਫਾਈਨਲ ਵਿਚ ਸੁਪਰ ਓਵਰ ਵਿਚ ਮੈਚ ਟਾਈ ਰਹਿਣ 'ਤੇ ਨਿਊਜ਼ੀਲੈਂਡ ਵਿਰੁੱਧ ਇੰਗਲੈਂਡ ਨੂੰ ਜੇਤੂ ਐਲਾਨ ਕੀਤੇ ਜਾਣ ਦੇ ਵਿਵਾਦ ਤੋਂ ਬਾਅਦ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.)  ਨੇ  ਸਾਰੇ ਵੱਡੇ ਟੂਰਨਾਮੈਂਟਾਂ ਲਈ ਸੁਪਰ ਓਵਰ ਦੇ ਨਿਯਮ ਵਿਚ ਬਦਲਾਅ ਕੀਤਾ ਹੈ। ਆਈ. ਸੀ. ਸੀ. ਦੇ ਨਵੇਂ ਨਿਯਮ ਮੁਤਾਬਕ ਜੇਕਰ ਸੈਮੀਫਾਈਨਲ ਤੇ ਫਾਈਨਲ  ਮੁਕਾਬਲੇ ਵਿਚ ਸੁਪਰ ਓਵਰ ਵਿਚ ਵੀ ਦੋਵੇਂ ਟੀਮਾਂ ਬਰਾਬਰ ਰਹਿੰਦੀਆਂ ਹਨ ਤਾਂ ਫਿਰ ਤੋਂ ਸੁਪਰ ਓਵਰ ਹੋਵੇਗਾ। ਸੁਪਰ ਓਵਰ ਤਦ ਤਕ ਹੋਵੇਗਾ ਜਦੋਂ ਤਕ ਕੋਈ ਇਕ ਟੀਮ ਜੇਤੂ ਨਹੀਂ ਬਣ ਜਾਂਦੀ।

PunjabKesari

ਦੱਸ ਦਈਏ ਕਿ ਵਰਲਡ ਕੱਪ 2019 ਦੇ ਫਾਈਨਲ ਦੌਰਾਨ ਦੋਵੇਂ ਟੀਮਾਂ ਇੰਗਲੈਂਡ ਅਤੇ ਨਿਊਜ਼ੀਲੈਂਡ ਟਾਈ ਰਹੀਆਂ ਸੀ। ਇਸ ਤੋਂ ਬਾਅਦ ਸੁਪਰ ਓਵਰ ਕਰਾਉਣ ਦਾ ਫੈਸਲਾ ਲਿਆ ਗਿਆ ਸੀ। ਸੁਪਰ ਓਵਰ ਵਿਚ ਵੀ ਦੋਵੇਂ ਟੀਮਾਂ ਨੇ 15-15 ਦੌੜਾਂ ਬਣਾਈਆਂ ਅਤੇ ਮੈਚ ਫਿਰ ਟਾਈ ਰਿਹਾ। ਇਸ ਤੋਂ ਬਾਅਦ ਜ਼ਿਆਦਾ ਬਾਊਂਡ੍ਰੀ ਲਗਾਉਣ ਕਾਰਨ ਇੰਗਲੈਂਡ ਨੂੰ ਜੇਤੂ ਐਲਾਨ ਕਰ ਦਿੱਤਾ ਗਿਆ। ਇਸ ਵਿਵਾਦਤ ਫੈਸਲੇ ਤੋਂ ਬਾਅਦ ਦੁਨੀਆ ਭਰ ਵਿਚ ਆਈ. ਸੀ. ਸੀ. ਦੀ ਆਲੋਚਨਾ ਹੋਣ ਲੱਗੀ ਸੀ। ਕਈ ਕ੍ਰਿਕਟ ਜਾਣਕਾਰਾਂ ਅਤੇ ਖਿਡਾਰੀਆਂ ਨੇ ਇਸ ਫੈਸਲੇ ਨੂੰ ਗਲਤ ਦੱਸਿਆ ਸੀ।

PunjabKesari

ਆਈ. ਸੀ. ਸੀ. ਦੀ ਬੋਰਡ ਦੀ ਬੈਠਕ ਤੋਂ ਬਾਅਦ ਜਾਰੀ ਬਿਆਨ ਵਿਚ ਕਿਹਾ ਗਿਆ, ''ਆਈ. ਸੀ. ਸੀ. ਕ੍ਰਿਕਟ ਕਮੇਟੀ, ਮੁੱਖ ਕਾਰਜਕਾਰੀ ਅਧਿਕਾਰੀਆਂ ਦੀ ਕਮੇਟੀ ਦੀਆਂ ਸਿਫਾਰਿਸ਼ਾਂ ਤੋਂ ਬਾਅਦ ਇਹ ਸਹਿਮਤੀ ਬਣੀ ਕਿ ਸੁਪਰ ਓਵਰ ਦਾ ਇਸਤੇਮਾਲ ਆਈ. ਸੀ. ਸੀ. ਦੇ ਮੈਚਾਂ ਵਿਚ ਜਾਰੀ ਰਹੇਗਾ ਅਤੇ ਇਸ ਨੂੰ ਤਦ ਤਕ ਇਸਤੇਮਾਲ ਕੀਤਾ ਜਾਵੇਗਾ ਜਦੋਂ ਤਕ ਕਿ ਕੋਈ ਨਤੀਜਾ ਨਹੀਂ ਨਿਕਲ ਜਾਂਦਾ। ਇਸ ਮਾਮਲੇ ਵਿਚ ਕ੍ਰਿਕਟ ਕਮੇਟੀ ਅਤੇ ਸੀ. ਆਈ. ਸੀ. ਦੋਵੇਂ ਸਹਿਮਤ ਸਨ ਕਿ ਖੇਡ ਨੂੰ ਰੋਮਾਂਚਕ ਬਣਾਉਣ ਲਈ ਵਨ ਡੇ ਅਤੇ ਟੀ-20 ਵਰਲਡ ਕੱਪ ਦੇ ਸਾਰੇ ਮੈਚਾਂ ਵਿਚ ਇਸਦਾ ਇਸਤੇਮਾਲ ਕੀਤਾ ਜਾਵੇਗਾ।'' ਬਿਆਨ ਮੁਤਾਬਕ ਗਰੁਪ ਪੱਧਰ 'ਤੇ ਜੇਕਰ ਸੁਪਰ ਓਵਰ ਤੋਂ ਬਾਅਦ ਵੀ ਮੈਚ ਟਾਈ ਰਹਿੰਦਾ ਹੈ ਤਾਂ ਉਸ ਨੂੰ ਟਾਈ ਮੰਨਿਆ ਜਾਵੇਗਾ ਪਰ ਸੈਮੀਫਾਈਨਲ ਅਤੇ ਫਾਈਨਲ ਵਿਚ ਸੁਪਰ ਓਵਰ ਤਦ ਤਕ ਕਰਾਇਆ ਜਾਵੇਗਾ ਜਦੋਂ ਤਕ ਇਕ ਟੀਮ ਜ਼ਿਆਦਾ ਦੌੜਾਂ ਬਣਾ ਕੇ ਜਿੱਤ ਨਹੀਂ ਜਾਂਦੀ।


Related News