ਗੋਲਡ ਕੋਸਟ ''ਚ ਨਜ਼ਰਾਂ ਰਹਿਣਗੀਆਂ ਗੋਲਡ ''ਤੇ

04/04/2018 4:41:41 AM

ਨਵੀਂ ਦਿੱਲੀ— ਰਾਸ਼ਟਰਮੰਡਲ ਦੇ ਇਤਿਹਾਸ 'ਚ ਹੁਣ ਤਕ 438 ਤਮਗੇ ਜਿੱਤ ਚੁੱਕੇ ਭਾਰਤ ਲਈ ਇਹ ਖੇਡਾਂ ਹਰ ਵਾਰ ਚੰਗੇ ਖਿਡਾਰੀ ਦੇ ਕੇ ਜਾਂਦੀਆਂ ਹਨ। 2010 ਦੀਆਂ ਰਾਸ਼ਟਰਮੰਡਲ ਖੇਡਾਂ ਵਿਚ ਭਾਰਤ ਨੇ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ 101 ਤਮਗੇ ਜਿੱਤੇ ਸਨ। ਅਜਿਹੀ ਸਥਿਤੀ ਵਿਚ ਇਸ ਵਾਰ ਵੀ ਜਿੰਨਾ ਵੱਡਾ ਦਲ ਭਾਰਤ ਦੀ ਪ੍ਰਤੀਨਿਧਤਾ ਕਰਨ ਗਿਆ ਹੈ, ਉਸ ਤੋਂ ਉਮੀਦ ਲਾਉਣਾ ਬੇਇਮਾਨੀ ਨਹੀਂ ਹੋਵੇਗੀ ਕਿ ਭਾਰਤੀ ਐਥਲੀਟ ਤਿਰੰਗੇ ਨੂੰ ਹੋਰ ਉੱਚਾ ਕਰਨ ਵਿਚ ਕੋਈ ਵੀ ਕਸਰ ਨਹੀਂ ਛੱਡਣਗੇ।
ਸਕੁਐਸ਼— 6 ਐਥਲੀਟ ਭਾਰਤ ਵਲੋਂ ਸਕੁਐਸ਼ ਪ੍ਰਤੀਯੋਗਿਤਾ ਵਿਚ ਹਿੱਸਾ ਲੈਂਦੇ ਨਜ਼ਰ ਆਉਣਗੇ। ਸੌਰਭ ਘੋਸ਼ਾਲ, ਹਰਿੰਦਰ ਪਾਲ ਸੰਧੂ, ਵਿਕਰਮ ਮਲਹੋਤਰਾ, ਜੋਸ਼ਨਾ ਚਿਨੱਪਾ ਤੇ ਦੀਪਿਕਾ ਪੱਲੀਕਲ। ਰਮਿਤ ਟੰਡਨ ਨਾਲ ਇਹ ਖਿਡਾਰੀ ਡਬਲਜ਼ ਵਿਚ ਵੀ ਚੁਣੌਤੀ ਪੇਸ਼ ਕਰਨਗੇ। ਸੌਰਭ, ਜੋਸ਼ਨਾ ਤੇ ਦੀਪਿਕਾ ਨੂੰ ਹਾਲਾਂਕਿ ਪਹਿਲੇ ਹੀ ਮੈਚ ਵਿਚ ਬਾਈ ਮਿਲ ਗਈ ਹੈ। ਅਜਿਹੀ ਸਥਿਤੀ ਵਿਚ 4 ਹੋਰ ਮੈਚ ਜਿੱਤ ਕੇ ਉਹ ਆਪਣਾ ਤਮਗਾ ਪੱਕਾ ਕਰ ਸਕਦੀਆਂ ਹਨ।
ਬੈਡਮਿੰਟਨ— ਭਾਰਤ ਨੂੰ ਇਸ ਕੈਟਾਗਰੀ 'ਚ ਪਹਿਲਾਂ ਵੀ ਸਫਲਤਾ ਮਿਲਦੀ ਆਈ ਹੈ। ਇਸ ਵਾਰ ਜ਼ਿੰਮੇਵਾਰੀ ਐੱਚ. ਐੱਸ. ਪ੍ਰਣਯ ਤੋਂ ਇਲਾਵਾ ਕਿਦਾਂਬੀ ਸ਼੍ਰੀਕਾਂਤ, ਪੀ. ਵੀ. ਸਿੰਧੂ ਤੇ ਸਾਇਨਾ ਨੇਹਵਾਲ 'ਤੇ ਰਹੇਗੀ। ਭਾਰਤ ਕੋਲ ਸਾਤਵਿਕ ਰੈੱਡੀ, ਚਿਰਾਗ ਸ਼ੈੱਟੀ, ਅਸ਼ਵਿਨੀ ਪੋਨੱਪਾ, ਸਿੱਕੀ ਰੈੱਡੀ ਤੇ ਪ੍ਰਣਵ ਚੋਪੜਾ ਵਰਗੇ ਖਿਡਾਰੀ ਵੀ ਹਨ, ਜਿਹੜੇ ਜਿੱਤਣ ਦਾ ਦਮ ਰੱਖਦੇ ਹਨ।
ਬਾਸਕਟਬਾਲ— ਪੂਲ-ਬੀ ਵਿਚ ਭਾਰਤ ਕੈਮਰੂਨ, ਇੰਗਲੈਂਡ ਤੇ ਸਕਾਟਲੈਂਡ ਨੂੰ ਟੱਕਰ ਦੇਵੇਗਾ। ਭਾਰਤ ਵਲੋਂ ਰਵੀ ਭਾਰਦਵਾਜ, ਅਰਸ਼ਪ੍ਰੀਤ ਭੁੱਲਰ, ਯਾਦਵਿੰਦਰ ਸਿੰਘ, ਸਤਨਾਮ ਸਿੰਘ, ਅੰਮ੍ਰਿਤਪਾਲ ਸਿੰਘ, ਅਮਨਜੋਤ ਸਿੰਘ, ਜੇ. ਜਸਟਿਨ 'ਤੇ ਨਜ਼ਰਾਂ ਰਹਿਣਗੀਆਂ। ਇਸੇ ਤਰ੍ਹਾਂ ਮਹਿਲਾ ਟੀਮ ਵਿਚ ਜਮਾਇਕਾ, ਮਲੇਸ਼ੀਆ, ਨਿਊਜ਼ੀਲੈਂਡ ਦੀ ਟੀਮ ਨਾਲ ਮੁਕਾਬਲਾ ਹੋਵੇਗਾ।
ਵੇਟ ਲਿਫਟਿੰਗ— 48 ਕਿ. ਗ੍ਰਾ. ਭਾਰ ਵਰਗ ਵਿਚ ਮੀਰਾਬਾਈ ਚਾਨੂ ਤੋਂ ਇਸ ਵਾਰ ਤਮਗੇ ਦੀ ਪੂਰੀ ਉਮੀਦ ਕੀਤੀ ਜਾ ਸਕਦੀ ਹੈ। ਚਾਨੂ ਤੋਂ ਇਲਾਵਾ ਵੰਦਨਾ ਗੁਪਤਾ ਤੇ ਪੂਨਮ ਯਾਦਵ ਤੇ ਪੁਰਸ਼ ਵਰਗ ਵਿਚ ਸਤੀਸ਼ ਸ਼ਿਵਾਲਿੰਗਮ, ਵਿਕਾਸ ਠਾਕੁਰ ਵੀ ਸਖਤ ਟੱਕਰ ਦੇਣ 'ਚ ਸਮਰੱਥ ਹਨ। ਉਥੇ ਹੀ ਪਾਵਰ ਲਿਫਟਿੰਗ ਵਿਚ ਫਰਮਾਨ ਬਾਸ਼ਾ, ਸਚਿਨ ਚੌਧਰੀ ਤੇ ਸ਼ਕੀਨਾ ਖਾਤੂਨ ਆਪਣੀ ਕਿਸਮਤ ਅਜ਼ਮਾਉਣਗੇ।
ਐਥਲੈਟਿਕਸ— ਭਾਰਤ ਦਾ ਇਸ ਕੈਟਾਗਰੀ ਵਿਚ ਸ਼ੁਰੂ ਤੋਂ ਹੀ ਪ੍ਰਦਰਸ਼ਨ ਕਮਜ਼ੋਰ ਰਿਹਾ ਹੈ ਪਰ ਇਸ ਵਾਰ ਧਰੁਣ ਤੋਂ ਉਮੀਦ ਕੀਤੀ ਜਾ ਸਕਦੀ ਹੈ। ਧਰੁਣ 400 ਮੀਟਰ ਅੜਿੱਕਾ ਦੌੜ, 400 ਮੀਟਰ ਤੇ ਰਿਲੇਅ ਰੇਸ ਵਿਚ ਹਿੱਸਾ ਲਵੇਗਾ। ਉਥੇ ਹੀ ਮਹਲਾਵਾਂ ਵਿਚ ਸਭ ਦੀ ਨਜ਼ਰ 20 ਕਿਲੋਮੀਟਰ  ਪੈਦਲ ਚਾਲ ਵਿਚ ਖੁਸ਼ਬੀਰ ਕੌਰ 'ਤੇ ਰਹੇਗੀ। ਫੀਲਡ ਈਵੈਂਟ ਦੇ ਲੌਂਗ ਜੰਪ ਵਿਚ ਨਯਨਾ ਜੇਮਸ ਵੀ ਕਮਾਲ ਕਰ ਸਕਦੀ ਹੈ।
ਟੇਬਲ ਟੈਨਿਸ—  ਸ਼ਰਤ, ਹਰਮੀਤ ਦੇਸਾਈ, ਮੋਨਿਕਾ ਬੱਤਰਾ, ਮੋਮਾ ਦਾਸ, ਮਧੁਰਿਕਾ ਪਾਟੇਕਰ ਪਿਛਲੇ ਕੁਝ ਸਾਲਾਂ ਤੋਂ ਉਭਰਦੇ ਨਾਂ ਹਨ। ਇਹ ਖਿਡਾਰੀ ਡਬਲਜ਼ ਕੈਟਾਗਰੀ ਵਿਚ ਵੀ ਭਾਰਤ ਦੀ ਪ੍ਰਤੀਨਿਧਤਾ ਕਰਨਗੇ।
ਖਾਸ : ਪੈਰਾ-ਸਪੋਰਟਸ ਦੇ ਤਹਿਤ ਟੇਬਲ ਟੈਨਿਸ ਕੈਟਾਗਰੀ ਵਿਚ ਵੀ ਭਾਰਤ ਦੇ ਦੋ ਖਿਡਾਰੀ ਸਰਕਾਰ ਤੇ ਵੈਸ਼ਣਵੀ ਉਤਰਨਗੇ।
ਹਾਕੀ— ਮਨਪ੍ਰੀਤ ਸਿੰਘ ਦੀ ਅਗਵਾਈ 'ਚ ਭਾਰਤੀ ਟੀਮ ਪਾਕਿਸਤਾਨ ਨਾਲ ਪਹਿਲਾ ਮੈਚ ਖੇਡੇਗੀ।  ਭਾਰਤ ਦਾ ਰਾਸ਼ਟਰਮੰਡਲ ਖੇਡਾਂ 'ਚ ਪ੍ਰਦਰਸ਼ਨ ਚੰਗਾ ਰਿਹਾ ਹੈ। ਅਜਿਹੀ ਸਥਿਤੀ 'ਚ ਉਮੀਦ ਕੀਤੀ ਜਾ ਸਕਦੀ ਹੈ ਕਿ ਪੂਲ-ਬੀ ਦੀਆਂ ਬਾਕੀ ਟੀਮਾਂ ਇੰਗਲੈਂਡ, ਮਲੇਸ਼ੀਆ ਤੇ ਵੇਲਸ ਵਿਰੁੱਧ ਭਾਰਤੀ ਟੀਮ ਜਿੱਤ ਹਾਸਲ ਕਰ ਲਵੇਗੀ। ਉਥੇ ਹੀ ਮਹਿਲਾ ਹਾਕੀ ਦੀ ਕਮਾਨ ਰਾਣੀ ਰਾਮਪਾਲ  ਦੇ ਹੱਥਾਂ 'ਚ ਹੈ। ਰਾਣੀ ਦੀ ਅਗਵਾਈ 'ਚ ਮਹਿਲਾ ਹਾਕੀ ਟੀਮ ਪਹਿਲੀ ਵਾਰ ਟਾਪ-10 ਵਿਚ ਸ਼ਾਮਲ ਹੋਈ ਹੈ। ਅਜਿਹੀ ਸਥਿਤੀ 'ਚ ਰਾਸ਼ਟਰਮੰਡਲ ਖੇਡਾਂ ਵਿਚ ਟੀਮ ਦਾ ਪ੍ਰਦਰਸ਼ਨ ਚੰਗਾ ਰਹਿਣ ਦੀ ਉਮੀਦ ਕੀਤੀ ਜਾ ਸਕਦੀ ਹੈ।
ਕੁਸ਼ਤੀ— ਇਸ ਕੈਟਾਗਰੀ ਵਿਚ ਭਾਰਤ ਹਮੇਸ਼ਾ ਵੱਧ ਤੋਂ ਵੱਧ ਤਮਗੇ ਲੈ ਕੇ ਆਉਂਦਾ ਰਿਹਾ ਹੈ। ਪੁਰਸ਼ ਵਰਗ ਵਿਚ ਭਾਰਤ ਕੋਲ ਰਾਹੁਲ ਬਾਲਾ ਸਾਹਿਬ, ਬਜਰੰਗ ਕੁਮਾਰ, ਸੁਸ਼ੀਲ ਕੁਮਾਰ, ਮੌਸਮ ਖੱਤਰੀ ਵਰਗੇ ਤਜਰਬੇਕਾਰ ਪਹਿਲਵਾਨ ਹਨ, ਜਦਕਿ ਉਥੇ ਹੀ ਮਹਿਲਾ ਵਰਗ 'ਚ ਬਬੀਤਾ ਕੁਮਾਰੀ, ਪੂਜਾ ਹਾਂਡਾ ਤੇ ਦਿਵਿਆ ਸੇਨ ਸਖਤ ਟੱਕਰ ਦਿੰਦੀਆਂ ਨਜ਼ਰ ਆਉਣਗੀਆਂ। ਜ਼ਿਕਰਯੋਗ ਹੈ ਕਿ ਦਿਵਿਆ ਸੇਨ ਨੇ ਹਾਲ ਹੀ ਵਿਚ 'ਦੰਗਲ ਗਰਲ' ਦੇ ਨਾਂ ਨਾਲ ਮਸ਼ਹੂਰ ਗੀਤਾ ਫੋਗਟ ਨੂੰ ਨੈਸ਼ਨਲ ਚੈਂਪੀਅਨਸ਼ਿਪ ਵਿਚ ਹਰਾ ਕੇ ਰਾਸ਼ਟਰਮੰਡਲ ਖੇਡਾਂ ਲਈ ਕੁਆਲੀਫਾਈ ਕੀਤਾ ਸੀ।
ਮੁੱਕੇਬਾਜ਼ੀ— ਬੈਡਮਿੰਟਨ ਤੋਂ ਇਲਾਵਾ ਮੁੱਕੇਬਾਜ਼ੀ ਵਿਚ ਵੀ ਭਾਰਤੀ ਮੁੱਕੇਬਾਜ਼ਾਂ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ ਕੀਤੀ ਜਾ ਸਕਦੀ ਹੈ। ਖਾਸ ਤੌਰ 'ਤੇ ਮਹਿਲਾ ਵਰਗ ਵਿਚ ਮੈਰੀਕਾਮ, ਪਿੰਕੀ, ਰਾਣੀ, ਸ਼ਾਂਤੀ ਦੇਵੀ ਤਮਗਾ ਜਿੱਤਣ ਦਾ ਪੂਰਾ ਦਮ ਰੱਖਦੀਆਂ ਹਨ, ਜਦਕਿ ਪੁਰਸ਼ ਵਰਗ ਵਿਚ ਮਨੋਜ ਕੁਮਾਰ, ਸਤੀਸ਼ ਕੁਮਾਰ, ਵਿਕਾਸ ਕ੍ਰਿਸ਼ਣਨ 'ਤੇ ਨਜ਼ਰਾਂ ਰਹਿਣਗੀਆਂ।
ਨਿਸ਼ਾਨੇਬਾਜ਼ੀ— ਓਲੰਪਿਕ ਵਿਚ ਭਾਰਤ ਲਈ ਪਹਿਲਾ ਵਿਅਕਤੀਗਤ ਸੋਨ ਤਮਗਾ ਨਿਸ਼ਾਨੇਬਾਜ਼ੀ ਪ੍ਰਤੀਯੋਗਿਤਾ ਵਿਚ ਹੀ ਆਇਆ ਸੀ। ਉਦੋਂ ਅਭਿਨਵ ਬਿੰਦਰਾ ਨੇ ਸੋਨ ਤਮਗਾ ਜਿੱਤਿਆ ਸੀ। ਇਸ ਵਾਰ ਵੀ ਭਾਰਤ ਕੋਲ ਜੀਤੂ ਰਾਏ, ਸੰਜੀਵ ਰਾਜਪੂਤ, ਚੈਨ ਸਿੰਘ, ਗਗਨ ਨਾਰੰਗ, ਮਾਨਵਜੀਤ ਸਿੰਘ ਸੰਧੂ, ਅੰਕੁਰ ਮਿੱਤਲ ਵਰਗੇ ਚੰਗੇ ਨਿਸ਼ਾਨੇਬਾਜ਼ ਹਨ, ਜਦਕਿ ਮਹਿਲਾ ਵਰਗ 'ਚ ਅਪੂਰਵੀ ਚੰਦੇਲਾ, ਮਾਹੂਲੀ ਘੋਸ਼, ਮਨੂ ਭਾਕਰ, ਹਿਨਾ ਸੰਧੂ 'ਤੇ ਵੀ ਨਜ਼ਰਾਂ ਰਹਿਣਗੀਆਂ। ਪਿਛਲੇ ਮਹੀਨੇ 'ਚ 6 ਸੋਨ ਤਮਗੇ ਜਿੱਤਣ ਵਾਲੀ ਮਨੂ ਭਾਕਰ ਵੱਡਾ ਧਮਾਕਾ ਕਰ ਸਕਦੀ ਹੈ।
ਤੈਰਾਕੀ— ਵੀਰਧਵਲ ਖਾੜੇ ਤੋਂ ਕਾਫੀ ਉਮੀਦ ਕੀਤੀ ਜਾ ਸਕਦੀ ਹੈ । ਖਾੜੇ ਭਾਰਤ ਵਵੋਂ 50 ਮੀਟਰ ਫ੍ਰੀ-ਸਟਾਈਲ ਤੇ 50 ਮੀਟਰ ਬਟਰਫਲਾਈ ਵਿਚ ਚੁਣੌਤੀ ਦਿੰਦਾ ਨਜ਼ਰ ਆਏਗਾ। ਖਾੜੇ ਤੋਂ ਇਲਾਵਾ ਸਾਜਨ ਪ੍ਰਕਾਸ਼ ਤੇ ਸ਼੍ਰੀਹਰੀ ਨਟਰਾਜ 'ਤੇ ਵੀ ਨਜ਼ਰਾਂ ਰਹਿਣਗੀਆਂ। ਮਹਿਲਾ ਤੈਰਾਕੀ ਟੀਮ 'ਚ ਵੈਸ਼ਨਵੀ ਜਗਤਾਪ ਤੇ ਕਿਰਣ ਟਾਕ ਹਿੱਸਾ ਲੈਣਗੀਆਂ।


Related News