ਹਿਮਾਚਲ ’ਚ ਪੂਰਾ ਸਾਲ ਚਲਦੀਆਂ ਰਹਿਣਗੀਆਂ ਚੋਣਾਂ!

Wednesday, Apr 17, 2024 - 01:06 PM (IST)

ਹਿਮਾਚਲ ’ਚ ਪੂਰਾ ਸਾਲ ਚਲਦੀਆਂ ਰਹਿਣਗੀਆਂ ਚੋਣਾਂ!

ਜਲੰਧਰ- 6 ਵਿਧਾਇਕਾਂ ਦੀ ਮੁਅੱਤਲੀ ਅਤੇ ਜ਼ਿਮਨੀ ਚੋਣਾਂ ਦੇ ਐਲਾਨ ਤੋਂ ਬਾਅਦ ਹਿਮਾਚਲ ਦੀ ਕਾਂਗਰਸ ਸਰਕਾਰ ’ਤੇ ਸਿਆਸੀ ਸੰਕਟ ਜਾਰੀ ਹੈ, ਫਿਰ ਵੀ ਕਾਂਗਰਸ ਹਾਈਕਮਾਂਡ ਨੇ ਲੋਕ ਸਭਾ ਚੋਣਾਂ ’ਚ 2 ਮੌਜੂਦਾ ਵਿਧਾਇਕਾਂ ਨੂੰ ਮੈਦਾਨ ’ਚ ਉਤਾਰ ਕੇ ਵੱਡਾ ਦਾਅ ਖੇਡਿਆ ਹੈ। ਇਨ੍ਹਾਂ ਵਿਚ ਲੋਕ ਨਿਰਮਾਣ ਮੰਤਰੀ ਅਤੇ ਸ਼ਿਮਲਾ (ਦਿਹਾਤੀ) ਵਿਧਾਇਕ ਵਿਕਰਮਾਦਿੱਤਿਆ ਸਿੰਘ ਅਤੇ ਕਸੌਲੀ ਵਿਧਾਇਕ ਵਿਨੋਦ ਸੁਲਤਾਨਪੁਰੀ ਸ਼ਿਮਲਾ ਸੀਟ ਤੋਂ ਚੋਣ ਲੜਨ ਜਾ ਰਹੇ ਹਨ। ਸੂਬੇ ਦੇ ਇਨ੍ਹਾਂ ਸਮੀਕਰਨਾਂ ਤੋਂ ਇਕ ਗੱਲ ਤਾਂ ਪੱਕੀ ਹੈ ਕਿ ਇਹ ਪੂਰਾ ਸਾਲ ਹਿਮਾਚਲ ਵਿਚ ਚੋਣਾਂ ਦਾ ਦੌਰ ਚੱਲਣ ਵਾਲਾ ਹੈ। ਕਿਉਂਕਿ ਸਥਿਤੀ ਅਜਿਹੀ ਹੈ ਕਿ ਲੋਕ ਸਭਾ ਚੋਣਾਂ ਖਤਮ ਹੋਣ ਤੋਂ ਬਾਅਦ ਵੀ ਸੂਬੇ ਵਿਚ ਇਕ ਹੋਰ ਉਪ ਚੋਣ ਹੋਣ ਦੀ ਸੰਭਾਵਨਾ ਪ੍ਰਬਲ ਹੈ। ਜੇਕਰ ਕਾਂਗਰਸ ਇਹ ਦੋਵੇਂ ਸੀਟਾਂ ਜਿੱਤ ਜਾਂਦੀ ਹੈ ਤਾਂ ਇਨ੍ਹਾਂ ਵਿਧਾਇਕਾਂ ਦੀਆਂ ਦੋਵੇਂ ਸੀਟਾਂ ਖ਼ਾਲੀ ਹੋ ਜਾਣਗੀਆਂ ਅਤੇ ਆਉਣ ਵਾਲੇ ਸਮੇਂ ਵਿਚ ਇਨ੍ਹਾਂ ’ਤੇ ਵੀ ਜ਼ਿਮਨੀ ਚੋਣਾਂ ਹੋਣਗੀਆਂ। 

6 ਵਿਧਾਇਕਾਂ ਦੀ ਮੁਅੱਤਲੀ ਤੋਂ ਬਾਅਦ 1 ਜੂਨ ਨੂੰ ਲੋਕ ਸਭਾ ਦੀਆਂ 4 ਸੀਟਾਂ ਦੇ ਨਾਲ 6 ਵਿਧਾਨ ਸਭਾ ਸੀਟਾਂ ’ਤੇ ਵੀ ਉਪ ਚੋਣਾਂ ਹੋਣ ਜਾ ਰਹੀਆਂ ਹਨ, ਜਦਕਿ ਤਿੰਨ ਆਜ਼ਾਦ ਵਿਧਾਇਕਾਂ ਦੇ ਅਸਤੀਫ਼ੇ ਵਿਧਾਨ ਸਭਾ ਦੇ ਸਪੀਕਰ ਕੋਲ ਅਜੇ ਵੀ ਵਿਚਾਰ ਅਧੀਨ ਹਨ। ਜੇਕਰ ਇਨ੍ਹਾਂ ਤਿੰਨ ਵਿਧਾਇਕਾਂ ਦਾ ਅਸਤੀਫਾ ਲੋਕ ਸਭਾ ਚੋਣਾਂ ਤੋਂ ਬਾਅਦ ਪ੍ਰਵਾਨ ਕੀਤਾ ਜਾਂਦਾ ਹੈ ਤਾਂ ਇਨ੍ਹਾਂ ਤਿੰਨਾਂ ਸੀਟਾਂ ’ਤੇ ਵੀ ਉਪ ਚੋਣਾਂ ਹੋਣਗੀਆਂ। ਇਸ ਤੋਂ ਇਲਾਵਾ ਹਿਮਾਚਲ ’ਚ ਸੁੱਖੂ ਸਰਕਾਰ ਦੀ ਲਾਈਫਲਾਈਨ ਵੀ ਲੋਕ ਸਭਾ ਚੋਣਾਂ ਅਤੇ 6 ਸੀਟਾਂ ’ਤੇ ਹੋਣ ਵਾਲੀਆਂ ਉਪ ਚੋਣਾਂ ਤੋਂ ਬਾਅਦ ਤੈਅ ਹੋਣੀ ਹੈ। ਹਾਲਾਂਕਿ ਤਸਵੀਰ ਪੂਰੀ ਤਰ੍ਹਾਂ ਨਾਲ ਉਪ ਚੋਣਾਂ ਦੇ ਨਤੀਜਿਆਂ ਤੋਂ ਹੀ ਸਪੱਸ਼ਟ ਹੋ ਜਾਵੇਗੀ।


author

Rakesh

Content Editor

Related News