ਟੈਸਟ ਰੈਂਕਿੰਗ : ਰੂਟ ਤੇ ਐਂਡਰਸਨ ਤੀਜੇ ਨੰਬਰ ’ਤੇ, ਵਿਰਾਟ 5ਵੇਂ ਸਥਾਨ ’ਤੇ ਖਿਸਕਿਆ
Wednesday, Feb 10, 2021 - 07:32 PM (IST)
ਦੁਬਈ- ਇੰਗਲੈਂਡ ਦਾ ਕਪਤਾਨ ਜੋ ਰੂਟ ਅਤੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਭਾਰਤ ਵਿਰੁੱਧ ਚੇਨਈ ’ਚ ਪਹਿਲੇ ਟੈਸਟ ’ਚ ਆਪਣੇ ਮੈਚ ਜੇਤੂ ਪ੍ਰਦਰਸ਼ਨ ਦੀ ਬਦੌਲਤ ਬੁੱਧਵਾਰ ਨੂੰ ਜਾਰੀ ਤਾਜ਼ਾ ਆਈ. ਸੀ. ਸੀ. ਟੈਸਟ ਰੈਂਕਿੰਗ ’ਚ ਕ੍ਰਮਵਾਰ ਬੱਲੇਬਾਜ਼ੀ ਅਤੇ ਗੇਂਦਬਾਜ਼ੀ ’ਚ ਤੀਜੇ ਸਥਾਨ ’ਤੇ ਪਹੁੰਚ ਗਏ ਹਨ, ਜਦਕਿ ਭਾਰਤੀ ਕਪਤਾਨ ਵਿਰਾਟ ਕੋਹਲੀ ਪੰਜਵੇਂ ਨੰਬਰ ’ਤੇ ਖਿਸਕ ਗਿਆ ਹੈ।
ਰੂਟ ਨੇ ਚੇਨਈ ਟੈਸਟ ’ਚ ਪਹਿਲੀ ਪਾਰੀ ’ਚ 218 ਅਤੇ ਦੂਜੀ ਪਾਰੀ ’ਚ 40 ਦੌੜਾਂ ਬਣਾਈਆਂ ਸਨ ਅਤੇ ਇੰਗਲੈਂਡ ਨੂੰ 227 ਦੌੜਾਂ ਨਾਲ ਜਿੱਤ ਦੁਆਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਰੂਟ ਨੇ ਇਸ ਤੋਂ ਪਹਿਲਾਂ ਸ਼੍ਰੀਲੰਕਾ ਦੌਰੇ ’ਚ 2 ਟੈਸਟਾਂ ’ਚ 228 ਅਤੇ 186 ਦੌੜਾਂ ਦੀ ਪਾਰੀ ਖੇਡੀ ਸੀ। ਭਾਰਤੀ ਉਪਮਹਾਦੀਪ ’ਚ ਖੇਡੇ ਗਏ 3 ਟੈਸਟ ਮੈਚਾਂ ’ਚ ਜੋ ਰੂਟ ਦੇ ਬੱਲੇ ਤੋਂ 684 ਦੌੜਾਂ ਨਿਕਲੀਆਂ ਹਨ। ਇੰਗਲੈਂਡ ਦੇ ਕਪਤਾਨ ਨੇ 2 ਸਥਾਨ ਦੀ ਛਲਾਂਗ ਲਗਾਈ ਅਤੇ ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਆਸਟ੍ਰੇਲੀਆ ਦੇ ਬੱਲੇਬਾਜ਼ ਮਾਨਰਸ ਲਾਬੁਸ਼ੇਨ ਨੂੰ ਪਿੱਛੇ ਛੱਡ ਕੇ ਤੀਜੇ ਸਥਾਨ ’ਤੇ ਪਹੁੰਚ ਗਿਆ।
ਰੂਟ ਦੇ ਹੁਣ 883 ਰੇਟਿੰਗ ਅੰਕ ਹੋ ਗਏ ਹਨ ਅਤੇ ਉਹ ਦੂਜੇ ਸਥਾਨ ’ਤੇ ਮੌਜੂਦ ਆਸਟ੍ਰੇਲੀਆ ਦੇ ਸਟੀਵ ਸਮਿੱਥ ਤੋਂ 8 ਅੰਕ ਅਤੇ ਚੌਟੀ ਦੇ ਸਥਾਨ ’ਤੇ ਮੌਜੂਦ ਨਿਊਜ਼ੀਲੈਂਡ ਦੇ ਕੇਨ ਵਿਲੀਅਮਸਨ ਤੋਂ 36 ਅੰਕ ਪਿੱਛੇ ਹੈ। ਰੂਟ ਦੀ ਸਤੰਬਰ 2017 ਤੋਂ ਬਾਅਦ ਇਹ ਪਹਿਲੀ ਸਰਵਸ਼੍ਰੇਸ਼ਠ ਰੈਂਕਿੰਗ ਹੈ ਜਦਕਿ ਵਿਰਾਟ ਨਵੰਬਰ 2017 ਤੋਂ ਬਾਅਦ ਪਹਿਲੀ ਵਾਰ ਚੌਟੀ ਦੇ 3 ਬੱਲੇਬਾਜ਼ਾਂ ’ਚੋਂ ਬਾਹਰ ਹੋ ਗਿਆ ਹੈ। ਵਿਰਾਟ ਪੰਜਵੇਂ ਨੰਬਰ ’ਤੇ ਆ ਗਿਆ ਹੈ। ਲਾਬੁਸ਼ੇਨ ਟੈਸਟ ਰੈਂਕਿੰਗ ’ਚ ਚੌਥੇ ਨੰਬਰ ’ਤੇ ਹੈ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।