ਭਾਰਤੀ ਪੁਰਸ਼ ਤੇ ਮਿਕਸਡ 4 ਗੁਣਾ 400 ਮੀਟਰ ਟੀਮਾਂ ਵਿਸ਼ਵ ਚੈਂਪੀਅਨਸ਼ਿਪ ਲਈ ਕੁਆਲੀਫਾਈ ਕਰਨ ਤੋਂ ਖੁੰਝੀਆਂ
Sunday, May 11, 2025 - 02:56 PM (IST)

ਗਵਾਂਗਜੂ (ਚੀਨ)– ਭਾਰਤੀ ਪੁਰਸ਼ ਤੇ ਮਿਕਸਡ 4 ਗੁਣਾ 400 ਮੀਟਰ ਟੀਮਾਂ ਟੋਕੀਓ ਵਿਸ਼ਵ ਚੈਂਪੀਅਨਸ਼ਿਪ ਲਈ ਸਿੱਧੇ ਕੁਆਲੀਫਾਈ ਕਰਨ ਤੋਂ ਖੁਂਝ ਗਈਆਂ ਤੇ ਇੱਥੇ ਸ਼ਨੀਵਾਰ ਨੂੰ ਵਿਸ਼ਵ ਐਥਲੈਟਿਕਸ ਰਿਲੇਅ ਦੇ ਪਹਿਲੇ ਦਿਨ 5ਵੇਂ ਸਥਾਨ ’ਤੇ ਰਹੀਆਂ। ਦੋਵੇਂ ਟੀਮਾਂ ਨੂੰ 13 ਤੋਂ 21 ਸਤੰਬਰ ਤੱਕ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਵਿਚ ਜਗ੍ਹਾ ਬਣਾਉਣ ਦਾ ਇਕ ਹੋਰ ਮੌਕਾ ਐਤਵਾਰ ਨੂੰ ਮਿਲੇਗਾ।
ਭਾਰਤ ਦੀ ਚਾਰ ਗੁਣਾ 400 ਮੀਟਰ ਮਿਕਸਡ ਟੀਮ (ਜੈ ਕੁਮਾਰ, ਸਨੇਹਾ ਕੋਲਲੇਰੀ, ਧਰਮਵੀਰ ਚੌਧਰੀ ਤੇ ਰੂਪਲ ਚੌਧਰੀ) 1 ਮਿੰਟ 16.85 ਸੈਕੰਡ ਦਾ ਸਮਾਂ ਕੱਢ ਕੇ ਸੱਤ ਟੀਮਾਂ ਦੀ ਤੀਜੀ ਹੀਟ ਵਿਚ ਪੰਜਵੇਂ ਸਥਾਨ ’ਤੇ ਰਹੀ। ਹਰ ਹੀਟ ਵਿਚੋਂ ਚੋਟੀ ਦੀਆਂ ਦੋ ਟੀਮਾਂ ਤੇ ਬਾਕੀ ਵਿਚੋਂ ਸਭ ਤੋਂ ਤੇਜ਼ ਸਮਾਂ ਕੱਢਣ ਵਾਲੀਆਂ ਦੋ ਟੀਮਾਂ ਵਿਸ਼ਵ ਚੈਂਪੀਅਨਸ਼ਿਪ ਤੇ ਵਿਸ਼ਵ ਐਥਲੈਟਿਕਸ ਰਿਲੇਅ ਫਾਈਨਲ ਲਈ ਕੁਆਲੀਫਾਈ ਕਰਨ ਵਿਚ ਕਾਮਯਾਬ ਰਹੀਆਂ।
ਭਾਰਤ ਨੇ ਪੁਰਸ਼ਾਂ ਦੀ 4 ਗੁਣਾ 400 ਮੀਟਰ ਵਿਚ ਨਵੀਂ ਟੀਮ ਉਤਾਰੀ ਹੈ, ਜਿਸ ਵਿਚ 2023 ਵਿਸ਼ਵ ਚੈਂਪੀਅਨਸ਼ਿਪ ਤੇ 2024 ਓਲੰਪਿਕ ਖੇਡਣ ਵਾਲੇ ਐਥਲੀਟ ਨਹੀਂ ਹਨ। ਜੈ ਕੁਮਾਰ, ਸੰਤੋਸ਼ ਕੁਮਾਰ, ਤਮਿਲਾਰਾਸਨ, ਟੀ. ਸਾਜੀ ਮਨੂ, ਟੀ. ਕੇ. ਵਿਸ਼ਾਲ ਤੇ ਮੋਹਿਤ ਕੁਮਾਰ 6 ਟੀਮਾਂ ਵਿਚਾਲੇ 5ਵੇਂ ਸਥਾਨ ’ਤੇ ਰਹੇ, ਜਿਨ੍ਹਾਂ ਨੇ ਦੋ ਮਿੰਟ 59.05 ਸੈਕੰਡ ਦਾ ਸਮਾਂ ਕੱਢਿਆ।