ਟੀਮ ਇੰਡੀਆ ਨੂੰ ਲੈ ਕੇ ਸਾਹਮਣੇ ਆਈ ਵੱਡੀ ਜਾਣਕਾਰੀ, ਅਭਿਆਸ ਲਈ ਵਿਦੇਸ਼ ਜਾ ਸਕਦੇ ਹਨ ਖਿਡਾਰੀ
Thursday, Jul 16, 2020 - 03:17 PM (IST)
ਸਪੋਰਟਸ ਡੈਸਕ– ਕੋਰੋਨਾ ਲਾਗ ਮਹਾਮਾਰੀ ਕਾਰਨ ਭਾਰਤੀ ਕ੍ਰਿਕੇਟ ਟੀਮ ਨੇ ਲੰਬੇ ਸਮੇਂ ਤੋਂ ਅਭਿਆਸ ਨਹੀਂ ਕੀਤਾ। ਹਾਲਾਂਕਿ, ਇਸ ਦੌਰਾਨ ਕੁਝ ਖਿਡਾਰੀਆਂ ਨੇ ਵੱਖ ਰਹਿੰਦੇ ਹੋਏ ਅਭਿਆਸ ਕੀਤਾ ਹੈ ਪਰ ਹੁਣ ਤਕ ਕੋਈ ਕੈਂਪ ਨਹੀਂ ਲੱਗਾ ਜਿਸ ਵਿਚ ਸਾਰੇ ਖਿਡਾਰੀ ਇਕੱਠੇ ਅਭਿਆਸ ਕਰ ਸਕਣ। ਰਿਪੋਰਟ ਮੁਤਾਬਕ, ਭਾਰਤੀ ਟੀਮ ਜਲਦੀ ਹੀ ਅਭਿਆਸ ਸ਼ੁਰੂ ਕਰ ਸਕਦੀ ਹੈ ਅਤੇ ਇਸ ਲਈ ਉਹ ਦੁਬਈ ਜਾ ਸਕਦੇ ਹਨ।
ਰਿਪੋਰਟ ਮੁਤਾਬਕ, ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੁਬਈ ’ਚ ਭਾਰਤੀ ਟੀਮ ਦੇ ਅਭਿਆਸ ਕੈਂਪ ਦਾ ਪ੍ਰਬੰਧ ਕਰਨ ’ਤੇ ਵਿਚਾਰ ਕਰ ਰਹੀ ਹੈ। ਭਾਰਤੀ ਟੀਮ ਮੈਨੇਜਮੈਂਟ ਕਿਸੇ ਵੀ ਸੀਰੀਜ਼ ਤੋਂ ਪਹਿਲਾਂ 6 ਹਫਤਿਆਂ ਦਾ ਕੈਂਪ ਚਾਹੁੰਦੀ ਹੈ। ਪਰ ਭਾਰਤ ’ਚ ਕੋਰੋਨਾ ਲਾਗ ਦੇ ਹਲਾਤ ਨੂੰ ਵੇਖ ਕੇ ਫਿਲਹਾਲ ਇਹ ਸਭ ਯਕੀਨੀ ਨਹੀਂ ਵਿਖਾਈ ਦੇ ਰਿਹਾ। ਅਜਿਹੇ ’ਚ ਹੁਣ ਟੀਮ ਅਭਿਆਸ ਲਈ ਦੁਬਈ ਦਾ ਰੁਖ ਕਰ ਸਕਦੀ ਹੈ। ਫਿਲਹਾਲ ਇਸ ਬਾਰੇ ਬੀ.ਸੀ.ਸੀ.ਆਈ. ਵਲੋਂ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ।
ਜ਼ਿਕਰਯੋਗ ਹੈ ਕਿ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਕਿਹਾ ਸੀ ਕਿ ਉਨ੍ਹਾਂ ਤਾਲਾਬੰਦੀ ਦੌਰਾਨ ਘਰ ’ਚ ਰਹਿ ਕੇ ਹੀ ਅਭਿਆਸ ਕੀਤਾ ਹੈ। ਪਰ ਕਾਫੀ ਸਮੇਂ ਬਾਅਦ ਮੈਦਾਨ ’ਚ ਉਤਰਣ ਕਾਰਨ ਲੈਅ ’ਚ ਵਾਪਸ ਆਉਣ ’ਚ ਸਮਾਂ ਲੱਗ ਸਕਦਾ ਹੈ। ਉਥੇ ਹੀ ਹੋਰ ਖਿਡਾਰੀਆਂ ਦੀ ਗੱਲ ਕਰੀਏ ਤਾਂ ਉਹ ਘਰ ’ਚ ਰਹਿੰਦੇ ਹੋਏ ਖੁਦ ਨੂੰ ਫਿੱਟ ਰੱਖਣ ਦੀ ਕੋਸ਼ਿਸ਼ ਤਾਂ ਕਰਦੇ ਵਿਖਾਈ ਦਿੱਤੇ ਪਰ ਅਭਿਆਸ ਦੀ ਕਮੀ ਕਾਰਨ ਉਨ੍ਹਾਂ ’ਤੇ ਵੀ ਅਸਰ ਹੋਵੇਗਾ। ਇਹੀ ਕਾਰਨ ਹੈ ਕਿ ਬੀ.ਸੀ.ਸੀ.ਆਈ. ਜਲਦੀ ਤੋਂ ਜਲਦੀ ਭਾਰਤੀ ਟੀਮ ਦੇ ਕੈਂਪ ਲਗਾਉਣ ਦੀ ਤਿਆਰੀ ’ਚ ਹੈ ਜਿਸ ਲਈ ਵਿਦੇਸ਼ ਦਾ ਰੁਖ ਵੀ ਕੀਤਾ ਜਾ ਸਕਦਾ ਹੈ।