IND vs NZ : ਟੀਮ ਇੰਡੀਆ ਨੇ ਬਟੋਰੇ 100 ਵਿਚੋਂ 100 ਪਰ 2 ਖਿਡਾਰੀ ਸਾਬਤ ਹੋਏ ਜ਼ੀਰੋ

02/03/2020 12:40:44 PM

ਨਵੀਂ ਦਿੱਲੀ : ਨਿਊਜ਼ੀਲੈਂਡ ਖਿਲਾਫ 5 ਮੈਚਾਂ ਦੀ ਸੀਰੀਜ਼ ਵਿਚ 5-0 ਨਾਲ ਜਿੱਤ ਹਾਸਲ ਕਰਨ ਵਾਲੀ ਭਾਰਤੀ ਟੀਮ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਨਾਲ ਇਹ ਸਾਬਤ ਕਰ ਦਿੱਤਾ ਕਿ ਕਿਉਂ ਉਸ ਨੂੰ ਦੁਨੀਆ ਦੀ ਨੰਬਰ ਇਕ ਟੀਮ ਕਿਹਾ ਜਾਂਦਾ ਹੈ। ਭਾਰਤੀ ਟੀਮ ਨੇ ਨਿਊਜ਼ੀਲੈਂਡ ਨੂੰ 5-0 ਨਾਲ ਕਲੀਨ ਸਵੀਪ ਕੀਤਾ। ਹਾਲਾਂਕਿ ਇਸ ਤੋਂ ਪਹਿਲਾਂ ਭਾਰਤੀ ਟੀਮ ਨਿਊਜ਼ੀਲੈਂਡ ਖਿਲਾਫ ਟੀ-20 ਵਿਚ ਚੌਕਰ ਹੀ ਮੰਨੀ ਜਾਂਦੀ ਸੀ। ਉਸ ਦਾ ਕੀਵੀ ਟੀਮ ਖਿਲਾਫ ਰਿਕਾਰਡ ਖਰਾਬ ਰਿਹਾ ਹੈ। 5-0 ਦੀ ਇਸ ਜਿੱਤ ਨੂੰ ਪ੍ਰਸ਼ੰਸਕ ਵਰਲਡ ਕੱਪ 2019 ਦੇ ਸੈਮੀਫਾਈਨਲ ਵਿਚ ਮਿਲੀ ਹਾਰ ਨਾਲ ਵੀ ਜੋੜ ਰਹੇ ਹਨ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਟੀਮ ਇੰਡੀਆ ਨੇ ਆਪਣਾ ਬਦਲਾ ਲਿਆ ਹੈ। ਇਨ੍ਹਾਂ 5 ਮੁਕਾਬਲਿਆਂ ਵਿਚ ਟੀਮ ਨੇ 2 ਮੈਚ ਤਾਂ ਸੁਪਰ ਓਵਰ ਵਿਚ ਜਿੱਤੇ ਜੋ ਦਿਖਾਉਂਦੇ ਹਨ ਕਿ ਕਿਸ ਤਰ੍ਹਾਂ ਟੀਮ ਇੰਡੀਆ ਕੀਵੀਆਂ ਖਿਲਾਫ ਇਕਜੁੱਟ ਹੋ ਕੇ ਖੇਡੀ ਹੈ।

ਬਣੀ ਦੁਨੀਆ ਦੀ ਪਹਿਲੀ ਟੀਮ
PunjabKesari

ਨਿਊਜ਼ੀਲੈਂਡ ਨੂੰ 5-0 ਨਾਲ ਹਰਾਉਣ ਤੋਂ ਬਾਅਦ ਭਾਰਤੀ ਟੀਮ ਦੁਨੀਆ ਦੀ ਪਹਿਲੀ ਟੀਮ ਬਣ ਗਈ ਹੈ ਜਿਸ ਨੇ ਕਿਸੇ ਕੌਮਾਂਤਰੀ ਟੀਮ ਨੂੰ ਟੀ-20 ਅੰਤਰਰਾਸ਼ਟਰੀ ਸੀਰੀਜ਼ ਵਿਚ 5-0 ਕਲੀਨ ਸਵੀਪ ਕੀਤਾ ਹੋਵੇ। ਉੱਥੇ ਹੀ ਟੀਮ ਇੰਡੀਆ ਨੇ ਇਸ ਤੋਂ ਪਹਿਲਾਂ ਕਦੇ ਵੀ 5 ਮੈਚਾਂ ਦੀ ਟੀ-20 ਸੀਰੀਜ਼ ਨਹੀਂ ਖੇਡੀ ਸੀ। ਟੀਮ ਇੰਡੀਆ ਦੀ ਇਸ ਜਿੱਤ ਤੋਂ ਬਾਅਦ ਪੂਰੀ ਦੁਨੀਆ ਵਿਚ ਉਸ ਦੀ ਸ਼ਲਾਘਾ ਹੋ ਰਹੀ ਹੈ ਅਤੇ ਆਗਾਮੀ ਟੀ-20 ਵਰਲਡ ਕੱਪ ਵਿਚ ਟੀਮ ਇੰਡੀਆ ਨੂੰ ਹੁਣ ਸਭ ਤੋਂ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਟੀਮ ਇੰਡੀਆ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸੁਰਖੀਆਂ ਤਾਂ ਬਟੋਰੀਆਂ ਹਨ ਪਰ ਕੁਝ ਅਜਿਹੇ ਖਿਡਾਰੀ ਵੀ ਰਹੇ ਜੋ ਪੂਰੀ ਸੀਰੀਜ਼ ਵਿਚ ਫਲਾਪ ਸਾਬਤ ਹੋਏ।

ਰਾਹੁਲ ਨੇ ਟੀਮ 'ਚ ਜਗ੍ਹਾ ਕੀਤੀ ਪੱਕੀ
PunjabKesari

ਆਪਣੀ ਲਗਾਤਾਰ ਸ਼ਾਨਦਾਰ ਬੱਲੇਬਾਜ਼ੀ ਨਾਲ ਟੀਮ ਦੇ ਸਲਾਮੀ ਬੱਲੇਬਾਜ਼ ਕੇ. ਐੱਲ. ਰਾਹੁਲ ਰਿਕਾਰਡ ਦਰਜ ਕਰ ਰਹੇ ਹਨ। ਹਾਲ ਹੀ 'ਚ ਉਸ ਨੇ ਕਿਸੇ ਟੀ-20 ਸੀਰੀਜ਼ ਵਿਚ ਸਭ ਤੋਂ ਵੱਧ ਦੌੜਾਂ (223 ਦੌੜਾਂ) ਬਣਾਉਣ ਦਾ ਰਿਕਾਰਡ ਤੋੜਿਆ ਹੈ ਅਤੇ ਹੁਣ ਉਹ 224 ਦੌੜਾਂ ਬਣਾ ਕੇ ਟੀ-20 ਸੀਰੀਜ਼ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਦੁਨੀਆ ਦੇ ਪਹਿਲੇ ਬੱਲੇਬਾਜ਼ ਬਣ ਗਏ ਹਨ। ਹਾਲਾਂਕਿ ਰਾਹੁਲ ਸ਼ਿਖਰ ਧਵਨ ਦੀ ਗੈਰਹਾਜ਼ਰੀ ਵਿਚ ਬਤੌਰ ਸਲਾਮੀ ਬੱਲੇਬਾਜ਼ ਮੈਦਾਨ 'ਤੇ ਉਤਰਦੇ ਹਨ। ਆਪਣੇ ਕਰੀਅਰ ਦੀ ਸ਼ੁਰੂਆਤ ਵਿਚ ਰਾਹੁਲ ਟੀਮ ਵਿਚ ਜਗ੍ਹਾ ਪੱਕੀ ਕਰਨ ਲਈ ਜੂਝਦੇ ਰਹੇ ਹਨ ਪਰ ਮੌਜੂਦਾ ਸਮੇਂ ਉਹ ਟੀਮ ਇੰਡੀਆ ਵਿਚ ਆਪਣੀ ਜਗ੍ਹਾ ਪੱਕੀ ਕਰ ਚੁੱਕੇ ਹਨ। ਉੱਥੇ ਹੀ ਕੇ. ਐੱਲ. ਨੂੰ ਉਸ ਦੇ ਦਮਦਾਰ ਪ੍ਰਦਰਸ਼ਨ ਲਈ 'ਮੈਨ ਆਫ ਦਿ ਸੀਰੀਜ਼' ਦਾ ਖਿਤਾਬ ਵੀ ਮਿਲਿਆ।

ਫਲਾਪ ਸਾਬਤ ਹੋਏ ਖਿਡਾਰੀ
PunjabKesari

ਜਿੱਥੇ ਭਾਰਤੀ ਟੀਮ ਦੇ ਕਈ ਨੌਜਵਾਨ ਖਿਡਾਰੀਆਂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਟੀ-20 ਵਰਲਡ ਕੱਪ ਲਈ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ ਉੱਥੇ ਹੀ ਕੁਝ ਖਿਡਾਰੀ ਅਜਿਹੇ ਵੀ ਹਨ ਜੋ ਇਸ ਸੀਰੀਜ਼ ਵਿਚ ਬੁਰੀ ਤਰ੍ਹਾਂ ਫਲਾਪ ਸਾਬਤ ਹੋਏ ਹਨ। ਉਹ ਖਿਡਾਰੀ ਹਨ, ਸ਼ਿਵਮ ਦੂਬੇ ਅਤੇ ਸੰਜੂ ਸੈਮਸਨ। ਸ਼ਿਵਮ ਦੂਬੇ ਨੂੰ ਟੀਮ ਇੰਡੀਆ ਨੇ ਆਲਰਾਊਂਡਰ ਦੇ ਤੌਰ 'ਤੇ ਟੀਮ ਨਾਲ ਜੋੜਿਆ ਸੀ ਪਰ ਉਹ ਨਾ ਹੀ ਆਪਣੀ ਗੇਂਦਬਾਜ਼ੀ ਅਤੇ ਨਾ ਹੀ ਬੱਲੇਬਾਜ਼ੀ ਵਿਚ ਕੋਈ ਕਮਾਲ ਦਿਖਾ ਸਕੇ। ਆਖਰੀ ਮੈਚ ਵਿਚ ਤਾਂ ਦੂਬੇ ਨੇ 1 ਓਵਰ ਵਿਚ 34 ਦੌਡ਼ਾਂ ਖਾ ਕੇ ਸ਼ਰਮਨਾਕ ਰਿਕਾਰਡ ਵੀ ਦਰਜ ਕਰ ਲਿਆ ਹੈ। ਹਾਲਾਂਕਿ ਦੂਬੇ ਨੂੰ ਲੰਬੇ-ਲੰਬੇ ਛੱਕੇ ਲਾਉਣ ਲਈ ਜਾਣਿਆ ਜਾਂਦਾ ਹੈ ਪਰ ਇਸ ਸੀਰੀਜ਼ ਵਿਚ ਉਹ ਆਪਣੇ ਬੱਲੇ ਨਾਲ ਦੌੜਾਂ ਬਣਾਉਣ 'ਚ ਅਸਫਲ ਰਹੇ। ਉੱਥੇ ਹੀ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ ਨੂੰ ਵੀ ਬਤੌਰ ਬੱਲੇਬਾਜ਼ ਟੀਮ ਵਿਚ ਸ਼ਾਮਲ ਕੀਤਾ ਗਿਆ ਸੀ ਪਰ ਉਹ ਵੀ ਇਸ ਮੌਕੇ ਦਾ ਫਾਇਦਾ ਚੁੱਕਣ ਵਿਚ ਅਸਫਲ ਰਿਹਾ। ਸੀਰੀਜ਼ ਦੇ ਆਖਰੀ 2 ਮੈਚਾਂ ਵਿਚੋਂ ਉਹ ਇਕ ਵੀ ਮੈਚ ਵਿਚ ਕਮਾਲ ਨਾ ਦਿਖਾ ਸਕਿਆ। ਸੰਜੂ ਸੈਮਸਨ ਆਈ. ਪੀ. ਐੱਲ. ਦੀ ਫ੍ਰੈਂਚਾਈਜ਼ੀ ਟੀਮ ਰਾਜਸਥਾਨ ਰਾਇਲਜ਼ ਦੇ ਸਭ ਤੋਂ ਮਹੱਤਵਪੂਰਨ ਬੱਲੇਬਾਜ਼ ਹਨ ਅਤੇ ਤੁਸੀਂ ਅਕਸਰ ਉਸ ਨੂੰ ਟੀਮ ਵੱਲੋਂ ਲੰਬੇ-ਲੰਬੇ ਛੱਕੇ ਲਾਉਂਦੇ ਦੇਖਿਆ ਹੋਵੇਗਾ।


Related News