ਟੀਮ ਇੰਡੀਆ ਦੇ ਉਹ 4 ਕ੍ਰਿਕਟਰ ਜੋ ਕੰਗਾਰੂਆਂ ਖਿਲਾਫ ਦੂਜੇ ਵਨ ਡੇ ''ਚ ਰਹੇ ਜਿੱਤ ਦੇ ਹੀਰੋ
Wednesday, Mar 06, 2019 - 02:50 PM (IST)

ਸਪੋਰਟਸ ਡੈਸਕ— ਭਾਰਤ ਅਤੇ ਆਸਟਰੇਲੀਆ ਵਿਚਾਲੇ 5 ਵਨ ਡੇ ਮੈਚਾਂ ਦੀ ਸੀਰੀਜ਼ ਦਾ ਦੂਜਾ ਮੁਕਾਬਲਾ ਨਾਗਪੁਰ 'ਚ ਖੇਡਿਆ ਗਿਆ। ਜਿੱਥੇ ਟੀਮ ਇੰਡੀਆ ਨੇ ਕੰਗਾਰੂਆਂ ਨੂੰ 8 ਦੌੜਾਂ ਨਾਲ ਹਰਾ ਕੇ ਸੀਰੀਜ਼ 'ਚ 2-0 ਦੀ ਬੜ੍ਹਤ ਹਾਸਲ ਕਰ ਲਈ ਹੈ। ਜਦਕਿ ਭਾਰਤ ਨੇ ਨਾਗਪੁਰ ਵਨ ਡੇ ਜਿੱਤ ਕੇ ਆਪਣੀ 500ਵੀਂ ਜਿੱਤ ਦਰਜ ਕੀਤੀ। ਤਾਂ ਆਓ ਇਕ ਝਾਤ ਪਾਉਂਦੇ ਹਾਂ ਉਨ੍ਹਾਂ 4 ਖਿਡਾਰੀਆਂ 'ਤੇ ਜਿਨ੍ਹਾਂ ਨੇ ਮੈਚ 'ਚ ਭਾਰਤ ਦੀ ਜਿੱਤ ਦਿਵਾਉਣ 'ਚ ਆਪਣੀ ਭੂਮਿਕਾ ਨਿਭਾਈ।
ਬੱਲੇਬਾਜ਼ੀ ਅਤੇ ਗੇਂਦਬਾਜ਼ੀ 'ਚ ਵਿਜੇ ਸ਼ੰਕਰ ਦਾ ਸ਼ਾਨਦਾਰ ਪ੍ਰਦਰਸ਼ਨ
ਭਾਰਤੀ ਟੀਮ ਦੇ ਨੌਜਵਾਨ ਖਿਡਾਰੀ ਵਿਜੇ ਸ਼ੰਕਰ ਨੇ ਇਸ ਮੁਕਾਬਲੇ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਬੱਲੇਬਾਜ਼ੀ ਤੋਂ ਇਲਾਵਾ ਗੇਂਦਬਾਜ਼ੀ 'ਚ ਵੀ ਆਪਣਾ ਪ੍ਰਭਾਵ ਛੱਡਿਆ। ਵਿਜੇ ਨੇ ਬੱਲੇਬਾਜ਼ੀ 'ਚ 41 ਗੇਂਦਾਂ 'ਚ ਪੰਜ ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ 46 ਦੌੜਾਂ ਬਣਾਈਆਂ। ਜਦਕਿ ਗੇਂਦਬਾਜ਼ੀ 'ਚ ਉਨ੍ਹਾਂ ਨੇ ਆਖ਼ਰੀ ਓਵਰ 'ਚ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 2 ਵਿਕਟਾਂ ਝਟਕਾਈਆਂ ਅਤੇ ਟੀਮ ਇੰਡੀਆ ਨੂੰ ਜਿੱਤ ਦਿਵਾਈ।
ਕੋਹਲੀ ਨੇ ਖੇਡੀ ਕਪਤਾਨੀ ਪਾਰੀ
ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਨਾਗਪੁਰ 'ਚ ਸ਼ਾਨਦਾਰ ਪ੍ਰਦਰਸਨ ਕੀਤਾ। ਕੋਹਲੀ ਦੇ ਆਪਣੀ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਭਾਰਤ ਨੇ ਆਸਟਰੇਲੀਆ ਨੂੰ ਜਿੱਤ ਲਈ 251 ਦੌੜਾਂ ਦਾ ਟੀਚਾ ਦਿੱਤਾ। ਕੋਹਲੀ ਨੇ 120 ਗੇਂਦਾਂ 'ਚ 10 ਚੌਕਿਆਂ ਦੀ ਮਦਦ ਨਾਲ 116 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਖੇਡੀ ਅਤੇ ਆਪਣੇ ਕਰੀਅਰ ਦਾ 40ਵਾਂ ਸੈਂਕੜਾ ਜੜਿਆ।
ਬੁਮਰਾਹ ਦਾ ਬਿਹਤਰੀਨ ਪ੍ਰਦਰਸ਼ਨ
ਟੀਮ ਇੰਡੀਆ ਦੇ ਡੈਥ ਓਵਰ ਸਪੈਸ਼ਲਿਸਟ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ 10 ਓਵਰਾਂ 'ਚ 29 ਦੌੜਾਂ ਦੇ ਕੇ ਦੋ ਵਿਕਟਾਂ ਝਟਕਾਈਆਂ। ਇਸ ਦੌਰਾਨ ਉਨ੍ਹਾਂ ਦਾ ਇਕਾਨਮੀ ਰੇਟ 2.90 ਦਾ ਰਿਹਾ। ਉਨ੍ਹਾਂ ਨੇ ਨਾਥਨ ਕੋਲਟਰ ਨਾਈਲ ਅਤੇ ਪੈਟ ਕਮਿੰਸ ਨੂੰ ਆਊਟ ਕੀਤਾ।
ਕੁਲਦੀਪ ਨੇ ਗੇਂਦਬਾਜ਼ੀ ਨਾਲ ਕੰਗਾਰੂਆਂ ਨੂੰ ਕੀਤਾ ਢਹਿ-ਢੇਰੀ
ਟੀਮ ਇੰਡੀਆ ਦੇ ਚਾਈਨਾਮੈਨ ਸਪਿਨ ਗੇਂਦਬਾਜ਼ ਕੁਲਦੀਪ ਯਾਦਵ ਨੇ 10 ਓਵਰਾਂ ਦੇ ਸਪੈਲ 'ਚ 54 ਦੌੜਾਂ ਦੇ ਕੇ 3 ਮਹੱਤਵਪੂਰਨ ਵਿਕਟ ਝਟਕਾਏ। ਉਨ੍ਹਾਂ ਨੇ ਨਾ ਸਿਰਫ ਵਿਚਾਲੇ ਦੇ ਓਵਰਾਂ 'ਚ ਆਸਟਰੇਲੀਆ'ਤੇ ਦਬਾਅ ਬਣਾਏ ਰਖਿਆ ਗਿਆ, ਸਗੋਂ ਵਿਰੋਧੀ ਟੀਮ ਨੂੰ ਜ਼ਿਆਦਾ ਦੌੜਾਂ ਬਣਾਉਣ ਤੋਂ ਰੋਕਿਆ। ਕੁਲਦੀਪ ਨੇ ਕਪਤਾਨ ਆਰੋਨ ਫਿੰਚ, ਗਲੇਨ ਮੈਕਸਵੇਲ ਅਤੇ ਐਲੇਕਸ ਕੈਰੀ ਨੂੰ ਆਪਣਾ ਸ਼ਿਕਾਰ ਬਣਾਇਆ।