ਟੀ20 ਵਿਸ਼ਵ ਕੱਪ : ਦੱਖਣੀ ਅਫਰੀਕਾ ਨੇ ਵੈਸਟਇੰਡੀਜ਼ ਨੂੰ 8 ਵਿਕਟਾਂ ਨਾਲ ਹਰਾਇਆ
Tuesday, Oct 26, 2021 - 07:58 PM (IST)
ਦੁਬਈ- ਐਨਰਿਚ ਨੌਰਕਿਆ ਦੀ ਅਗਵਾਈ ਵਿਚ ਆਪਣੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਐਡਨ ਮਾਰਕਰਾਮ ਦੀਆਂ 26 ਗੇਂਦਾਂ ਵਿਚ ਅਜੇਤੂ 51 ਦੌੜਾਂ ਦੀ ਮਦਦ ਨਾਲ ਦੱਖਣੀ ਅਫਰੀਕਾ ਨੇ ਟੀ-20 ਵਿਸ਼ਵ ਕੱਪ ਸੁਪਰ-12 ਗੇੜ ਦੇ ਆਪਣੇ ਦੂਜੇ ਮੈਚ ਵਿਚ ਸਾਬਕਾ ਚੈਂਪੀਅਨ ਵੈਸਟਇੰਡੀਜ਼ ਨੂੰ ਮੰਗਲਵਾਰ 8 ਵਿਕਟਾਂ ਨਾਲ ਹਰਾਇਆ। ਇਸ ਤੋਂ ਪਹਿਲਾਂ ਏਵਿਨ ਲੁਈਸ ਦੇ ਅਰਧ ਸੈਂਕੜੇ ਤੋਂ ਬਾਅਦ ਵੈਸਟਇੰਡੀਜ਼ ਦੀ ਬੱਲੇਬਾਜ਼ੀ ਬੁਰੀ ਤਰ੍ਹਾ ਫਲਾਪ ਰਹੀ ਤੇ ਟੀਮ 8 ਵਿਕਟਾਂ 'ਤੇ 143 ਦੌੜਾਂ ਹੀ ਬਣਾ ਸਕੀ। ਜਵਾਬ ਵਿਚ ਦੱਖਣੀ ਅਫਰੀਕਾ ਨੇ 2 ਵਿਕਟਾਂ ਦੇ ਨੁਕਸਤਾਨ 'ਤੇ 10 ਗੇਂਦਾਂ ਰਹਿੰਦੇ ਹੋਏ ਟੀਚਾ ਹਾਸਲ ਕਰ ਲਿਆ।
ਦੱਖਣੀ ਅਫਰੀਕਾ ਦੀ ਸ਼ੁਰੂਆਤ ਖਰਾਬ ਰਹੀ ਤੇ ਪਹਿਲੇ ਹੀ ਓਵਰ ਵਿਚ ਆਖਰੀ ਗੇਂਦ 'ਤੇ ਕਪਤਾਨ ਤੇਮਬਾ ਬਾਵੁਮਾ ਨੂੰ ਆਂਦਰੇ ਰਸੇਲ ਨੇ ਸਟੀਕ ਥ੍ਰੋਅ 'ਤੇ ਰਨ ਆਊਟ ਕੀਤਾ। ਇਸ ਤੋਂ ਬਾਅਦ ਹਾਲਾਂਕਿ ਰੀਜਾ ਹੇਂਡ੍ਰਿਕਸ ਤੇ ਰਾਸੀ ਵਾਨ ਡੇਰ ਡੁਸੇਨ ਨੇ 56 ਦੌੜਾਂ ਦੀ ਸਾਂਝੇਦਾਰੀ ਕੀਤੀ। ਹੇਂਡ੍ਰਿਕਸ ਨੇ 30 ਗੇਂਦਾਂ ਵਿਚ ਚਾਰ ਚੌਕਿਆਂ ਤੇ ਇੱਕ ਛੱਕੇ ਦੀ ਮਦਦ ਨਾਲ 39 ਦੌੜਾਂ ਬਣਾਈਆਂ। ਡੁਸੇਨ 51 ਗੇਂਦਾਂ ਵਿਚ 43 ਦੌੜਾਂ ਬਣਾ ਕੇ ਅਜੇਤੂ ਰਹੇ। ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਦੇ ਲਈ ਨੌਰਕਿਆ ਨੇ ਚਾਰ ਓਵਰਾਂ ਵਿਚ 14 ਦੌੜਾਂ 'ਤੇ ਇਕ ਵਿਕਟ ਹਾਸਲ ਕੀਤਾ। ਡੁਵੇਨ ਨੇ ਤਿੰਨ ਤੇ ਕੇਸ਼ਵ ਮਹਾਰਾਜ ਨੂੰ 2 ਵਿਕਟ ਮਿਲੇ। ਲੁਈਸ (56) ਤੇ ਲੈਂਡਲ ਸਿਮੰਸ (16) ਨੇ ਵੈਸਟਇੰਡੀਜ਼ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ। ਦੋਵਾਂ ਨੇ 63 ਗੇਂਦਾਂ ਵਿਚ 73 ਦੌੜਾਂ ਬਣਾਈਆਂ, ਜਿਸ ਤੋਂ ਬਾਅਦ ਵੈਸਟਇੰਡੀਜ਼ ਦੇ ਵਿਕਟ ਲਗਾਤਾਰ ਡਿੱਗਦੇ ਰਹੇ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।