ਟੀ-20 ਵਿਸ਼ਵ ਕੱਪ : ਜਸਪ੍ਰੀਤ ਬੁਮਰਾਹ ਦੀ ਜਗ੍ਹਾ ਮੁਹੰਮਦ ਸ਼ੰਮੀ ਭਾਰਤੀ ਟੀਮ ’ਚ ਸ਼ਾਮਲ, BCCI ਨੇ ਕੀਤਾ ਐਲਾਨ

Friday, Oct 14, 2022 - 07:25 PM (IST)

ਟੀ-20 ਵਿਸ਼ਵ ਕੱਪ : ਜਸਪ੍ਰੀਤ ਬੁਮਰਾਹ ਦੀ ਜਗ੍ਹਾ ਮੁਹੰਮਦ ਸ਼ੰਮੀ ਭਾਰਤੀ ਟੀਮ ’ਚ ਸ਼ਾਮਲ, BCCI ਨੇ ਕੀਤਾ ਐਲਾਨ

ਸਪੋਰਟਸ ਡੈਸਕ : ਟੀ-20 ਵਿਸ਼ਵ ਕੱਪ 16 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ। ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੇ ਜ਼ਖ਼ਮੀ ਹੋਣ ਤੋਂ ਬਾਅਦ ਉਸ ਦੇ ਬਦਲ ਵਜੋਂ ਮੁਹੰਮਦ ਸ਼ੰਮੀ ਦਾ ਮੁੱਖ ਨਾਂ ਸੀ, ਜਿਸ ’ਤੇ ਹੁਣ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਮੋਹਰ ਲਗਾ ਦਿੱਤੀ ਹੈ। BCCI ਨੇ ਅਧਿਕਾਰਤ ਤੌਰ ’ਤੇ ਬੁਮਰਾਹ ਦੀ ਜਗ੍ਹਾ ਸ਼ੰਮੀ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਸ਼ੰਮੀ, ਮੁਹੰਮਦ ਸਿਰਾਜ ਅਤੇ ਸ਼ਾਰਦੁਲ ਠਾਕੁਰ ਦੇ ਆਸਟ੍ਰੇਲੀਆ ਜਾਣ ਦੀ ਖ਼ਬਰ ਸੀ। ਭਾਰਤ 23 ਅਕਤੂਬਰ ਨੂੰ ਕੱਟੜ ਵਿਰੋਧੀ ਪਾਕਿਸਤਾਨ ਖ਼ਿਲਾਫ਼ ਟੀ-20 ਵਿਸ਼ਵ ਕੱਪ ਮੁਹਿੰਮ ਦੀ ਸ਼ੁਰੂਆਤ ਕਰੇਗਾ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬੀ.ਸੀ.ਸੀ.ਆਈ. ਨੇ ਕਿਹਾ ਕਿ ਅਖਿਲ ਭਾਰਤੀ ਸੀਨੀਅਰ ਚੋਣ ਕਮੇਟੀ ਨੇ ਭਾਰਤ ਦੀ ਆਈ.ਸੀ.ਸੀ. ਪੁਰਸ਼ ਟੀ-20 ਵਿਸ਼ਵ ਕੱਪ ਟੀਮ ’ਚ ਜਸਪ੍ਰੀਤ ਬੁਮਰਾਹ ਦੀ ਥਾਂ ਮੁਹੰਮਦ ਸ਼ੰਮੀ ਨੂੰ ਸ਼ਾਮਲ ਕੀਤਾ ਹੈ। ਸ਼ੰਮੀ ਆਸਟ੍ਰੇਲੀਆ ਪਹੁੰਚ ਗਿਆ ਹੈ ਅਤੇ ਅਭਿਆਸ ਮੈਚਾਂ ਤੋਂ ਪਹਿਲਾਂ ਬ੍ਰਿਸਬੇਨ ’ਚ ਟੀਮ ਨਾਲ ਜੁੜ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : PCA ਪ੍ਰਧਾਨ ਗੁਲਜ਼ਾਰ ਇੰਦਰ ਚਾਹਲ ਨੇ ਦਿੱਤਾ ਅਸਤੀਫ਼ਾ

ਇਸ ਦੇ ਨਾਲ ਹੀ ਅੱਗੇ ਕਿਹਾ ਗਿਆ ਹੈ ਕਿ ਸਿਰਾਜ ਅਤੇ ਸ਼ਾਰਦੁਲ ਠਾਕੁਰ ਨੂੰ ਬੈਕਅਪ ਦੇ ਤੌਰ ’ਤੇ ਰੱਖਿਆ ਗਿਆ ਹੈ ਅਤੇ ਉਹ ਜਲਦ ਹੀ ਆਸਟ੍ਰੇਲੀਆ ਜਾਣਗੇ। ਜ਼ਿਕਰਯੋਗ ਹੈ ਕਿ ਸਟੈਂਡਬਾਏ ਖਿਡਾਰੀ ਵਜੋਂ ਚੁਣੇ ਗਏ ਦੀਪਕ ਚਾਹਰ ਦੇ ਪਿੱਠ ਦੀ ਸੱਟ ਕਾਰਨ ਪਹਿਲਾਂ ਹੀ ਬਾਹਰ ਹੋਣ ਦੀ ਖ਼ਬਰ ਹੈ। ਦੀਪਕ ਨੂੰ ਦੱਖਣੀ ਅਫਰੀਕਾ ਦੇ ਖ਼ਿਲਾਫ਼ ਭਾਰਤ ਦੀ ਹਾਲੀਆ ਟੀ-20 ਅੰਤਰਰਾਸ਼ਟਰੀ ਸੀਰੀਜ਼ ਦੌਰਾਨ ਸੱਟ ਲੱਗ ਗਈ ਸੀ ਅਤੇ ਉਹ ਆਪਣਾ ਪੁਨਰਵਾਸ ਪੂਰਾ ਕਰਨ ਲਈ ਬੈਂਗਲੁਰੂ ’ਚ NCA ’ਚ ਹੋਵੇਗਾ।

ICC ਦਿਸ਼ਾ-ਨਿਰਦੇਸ਼ ਅਤੇ ਬਦਲ ’ਤੇ ਸਮਾਂ ਹੱਦਾਂ

ਆਈ.ਸੀ.ਸੀ. ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਹਿੱਸਾ ਲੈਣ ਵਾਲੀਆਂ ਟੀਮਾਂ ਕੋਲ 9 ਅਕਤੂਬਰ ਤੱਕ ਆਪਣੀ ਟੀਮ ’ਚ ਬਦਲਾਅ ਦਾ ਮੌਕਾ, ਭਾਵੇਂ ਉਨ੍ਹਾਂ ਦੇ ਖਿਡਾਰੀ ਕਿਸੇ ਵੀ ਸੱਟ ਦੀ ਚਿੰਤਾ ਤੋਂ ਪੀੜਤ ਨਾ ਹੋਣ। ਸਮਾਂ ਹੱਦ ਤੋਂ ਬਾਅਦ ਉਨ੍ਹਾਂ ਨੂੰ ਕੋਈ ਵੀ ਬਦਲਾਅ ਕਰਨ ਲਈ ਆਈ.ਸੀ.ਸੀ. ਦੀ ਇਜਾਜ਼ਤ ਲੈਣੀ ਪਵੇਗੀ। ਇਸ ਲਈ ਕਮੇਟੀ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ।

ਇਹ ਵੀ ਪੜ੍ਹੋ : SYL ’ਤੇ ਮੀਟਿੰਗ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ CM ਮਾਨ ਨੂੰ ਦਿੱਤੀ ਅਹਿਮ ਸਲਾਹ

ਆਈ.ਸੀ.ਸੀ. ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ

ਰੋਹਿਤ ਸ਼ਰਮਾ (ਕਪਤਾਨ), ਕੇ.ਐੱਲ. ਰਾਹੁਲ (ਉਪ-ਕਪਤਾਨ), ਵਿਰਾਟ ਕੋਹਲੀ, ਸੂਰਯ ਕੁਮਾਰ ਯਾਦਵ, ਦੀਪਕ ਹੁੱਡਾ, ਰਿਸ਼ਭ ਪੰਤ (ਵਿਕਟਕੀਪਰ), ਦਿਨੇਸ਼ ਕਾਰਤਿਕ (ਵਿਕਟਕੀਪਰ), ਹਾਰਦਿਕ ਪੰਡਯਾ, ਆਰ. ਅਸ਼ਵਿਨ, ਯੁਜਵੇਂਦਰ ਚਾਹਲ, ਅਕਸ਼ਰ ਪਟੇਲ, ਭੁਵਨੇਸ਼ਵਰ ਕੁਮਾਰ, ਹਰਸ਼ਲ ਪਟੇਲ, ਅਰਸ਼ਦੀਪ ਸਿੰਘ, ਮੁਹੰਮਦ ਸ਼ੰਮੀ।

ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਸ਼ੈਡਿਊਲ

ਭਾਰਤ ਬਨਾਮ ਪਾਕਿਸਤਾਨ : 23 ਅਕਤੂਬਰ, ਐਤਵਾਰ ਦੁਪਹਿਰ 1:30 ਵਜੇ
ਭਾਰਤ ਬਨਾਮ ਏ 2 : 27 ਅਕਤੂਬਰ, ਵੀਰਵਾਰ ਦੁਪਹਿਰ 12:30 ਵਜੇ
ਭਾਰਤ ਬਨਾਮ ਦੱਖਣੀ ਅਫਰੀਕਾ : 30 ਅਕਤੂਬਰ, ਐਤਵਾਰ, ਸ਼ਾਮ 4:30 ਵਜੇ
ਭਾਰਤ ਬਨਾਮ ਬੰਗਲਾਦੇਸ਼ : 2 ਨਵੰਬਰ, ਬੁੱਧਵਾਰ ਦੁਪਹਿਰ 1:30 ਵਜੇ
ਭਾਰਤ ਬਨਾਮ ਬੀ1: 6 ਨਵੰਬਰ, ਐਤਵਾਰ ਦੁਪਹਿਰ 1:30 ਵਜੇ

 


author

Manoj

Content Editor

Related News