T20 WC, SL v BAN : ਸ਼੍ਰੀਲੰਕਾ ਨੇ ਬੰਗਲਾਦੇਸ਼ ਨੂੰ 5 ਵਿਕਟਾਂ ਨਾਲ ਹਰਾਇਆ

Sunday, Oct 24, 2021 - 09:13 PM (IST)

ਸ਼ਾਰਜਾਹ (ਯੂ. ਐੱਨ. ਆਈ.)–ਚਰਿਥ ਅਸਲਾਂਕਾ (ਅਜੇਤੂ 80) ਤੇ ਭਾਨੁਕਾ ਰਾਜਪਕਸ਼ੇ (53) ਦੇ ਸ਼ਾਨਦਾਰ ਅਰਧ ਸੈਕੜਿਆਂ ਤੇ ਉਨ੍ਹਾਂ ਵਿਚਾਲੇ 86 ਦੌੜਾਂ ਦੀ ਜ਼ੋਰਦਾਰ ਸਾਂਝੇਦਾਰੀ ਦੀ ਬਦੌਲਤ ਸ਼੍ਰੀਲੰਕਾ ਨੇ ਬੰਗਲਾਦੇਸ਼ ਨੂੰ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਦੇ ਗਰੁੱਪ-ਏ ਦੇ ਮੁਕਾਬਲੇ ਵਿਚ ਐਤਵਾਰ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਬੰਗਲਾਦੇਸ਼ ਨੂੰ ਮਹੱਤਵਪੂਰਨ ਮੌਕਿਆਂ ’ਤੇ ਸ਼੍ਰੀਲੰਕਾ ਦੇ ਦੋ ਕੈਚ ਛੱਡਣੇ ਮਹਿੰਗੇ ਪਏ ਤੇ ਇਸ ਦਾ ਨਤੀਜਾ ਉਸ ਨੂੰ ਹਾਰ ਦੇ ਰੂਪ ਵਿਚ ਮਿਲਿਆ। ਬੰਗਲਾਦੇਸ਼ ਨੇ ਓਪਨਰ ਮੁਹੰਮਦ ਨਈਮ (62) ਤੇ ਮੁਸ਼ਫਿਕਰ ਰਹੀਮ (ਅਜੇਤੂ 57) ਦੇ ਸ਼ਾਨਦਾਰ ਅਰਧ ਸੈਂਕੜਿਆਂ ਨਾਲ ਬੰਗਲਾਦੇਸ਼ ਨੇ 20 ਓਵਰਾਂ ਵਿਚ 4 ਵਿਕਟਾਂ ’ਤੇ 171 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਸੀ, ਜਦਕਿ ਸ਼੍ਰੀਲੰਕਾ ਨੇ 18.5 ਓਵਰਾਂ ਵਿਚ 5 ਵਿਕਟਾਂ ’ਤੇ 172 ਦੌੜਾਂ ਬਣਾ ਕੇ ਪੂਰੇ ਅੰਕ ਹਾਸਲ ਕੀਤੇ। ਬੰਗਲਾਦੇਸ਼ ਦੀ ਪਾਰੀ ਵਿਚ ਨਈਮ ਨੇ 52 ਗੇਂਦਾਂ ’ਤੇ 62 ਦੌੜਾਂ ਦੀ ਪਾਰੀ ਵਿਚ ਛੇ ਚੌਕੇ ਲਾਏ, ਜਦਕਿ ਮੁਸ਼ਫਿਕਰ ਨੇ 37 ਗੇਂਦਾਂ ’ਤੇ ਅਜੇਤੂ 57 ਦੌੜਾਂ ਵਿਚ 5 ਚੌਕੇ ਤੇ 2 ਛੱਕੇ ਲਾਏ। ਦੋਵਾਂ ਨੇ ਤੀਜੀ ਵਿਕਟ ਲਈ 73 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਕੀਤੀ।

ਮੁਸ਼ਫਿਕਰ ਨੇ ਨਈਮ ਦੀ ਵਿਕਟ ਡਿੱਗਣ ਤੋਂ ਬਾਅਦ ਅਫੀਫ ਹੁਸੈਨ ਦੇ ਨਾਲ ਚੌਥੀ ਵਿਕਟ ਲਈ 21 ਤੇ ਕਪਤਾਨ ਮਹਿਮੂਦਉੱਲ੍ਹਾ ਦੇ ਨਾਲ ਪੰਜਵੀਂ ਵਿਕਟ ਦੀ ਅਜੇਤੂ ਸਾਂਝੇਦਾਰੀ ਵਿਚ ਅਜੇਤੂ 10 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦਿਆਂ ਸ਼੍ਰੀਲੰਕਾ ਨੇ ਆਪਣੇ ਚੋਟੀ ਦੇ 4 ਬੱਲੇਬਾਜ਼ 9.4 ਓਵਰਾਂ ਤਕ 79 ਦੌੜਾਂ ਤਕ ਗੁਆ ਦਿੱਤੇ ਸਨ ਪਰ ਅਸਲਾਂਕਾ ਇਕ ਪਾਸੇ ’ਤੇ ਡਟਿਆ ਹੋਇਆ ਸੀ ਤੇ ਆਪਣੀਆਂ ਸ਼ਾਟਾਂ ਖੇਡ ਰਿਹਾ ਸੀ। ਬੰਗਲਾਦੇਸ਼ ਦੀ ਟੀਮ ਇਸ ਸਮੇਂ ਤਕ ਹਾਵੀ ਸੀ ਪਰ ਲਿਟਨ ਦਾਸ ਨੇ ਮਹੱਤਵਪੂਰਨ ਮੌਕਿਆਂ ’ਤੇ ਦੋ ਕੈਚ ਛੱਡੇ ਤੇ ਮੈਚ ਬੰਗਲਾਦੇਸ਼ ਦੇ ਹੱਥੋਂ ਨਿਕਲ ਗਿਆ। ਮੈਨ ਆਫ ਦਿ ਮੈਚ ਬਣੇ ਅਸਲਾਂਕਾ ਨੇ 49 ਗੇਂਦਾਂ ’ਤੇ 5 ਚੌਕਿਆਂ ਤੇ 5 ਛੱਕਿਆਂ ਦੀ ਮਦਦ ਨਾਲ ਅਜੇਤੂ 80 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ, ਜਦਕਿ ਰਾਜਪਕਸ਼ੇ ਨੇ 165 ਦੇ ਸਕੋਰ ’ਤੇ ਆਊਟ ਹੋਣ ਤੋਂ ਪਹਿਲਾਂ 31 ਗੇਂਦਾਂ ’ਤੇ 53 ਦੌੜਾਂ ਵਿਚ 3 ਚੌਕੇ ਤੇ 3 ਛੱਕੇ ਲਾਏ। ਅਸਲਾਂਕਾ ਨੇ ਨਾਸੁਮ ਅਹਿਮਦ ਦੇ ਪਾਰੀ ਦੇ 19ਵੇਂ ਓਵਰ ਦੀ ਪੰਜਵੀਂ ਗੇਂਦ ’ਤੇ ਜੇਤੂ ਚੌਕਾ ਮਾਰਿਆ।


Manoj

Content Editor

Related News